ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਜਥੇਦਾਰ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਸਿੰਘਾਂ ਦੇ ਅਸਥਾਨ ਗੁਰਦੁਆਰਾ ਚੱਪੜ ਚਿੜੀ ਵਿਖੇ ਸ਼ੁਕਰਾਨਾ ਸਮਾਗਮ ਕਰਵਾਏ ਜਾਣ।
ਉਹਨਾਂ ਲਿਖਿਆ ਕਿ ਚੱਪੜ ਚਿੜੀ ਅਸਥਾਨ ਉਹਨਾਂ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਉਸਾਰਿਆ ਗਿਆ ਹੈ ਜਿਨਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਅਤੇ ਸ਼ਹੀਦੀ ਪੰਦਰਵਾੜੇ ਨਾਲ ਅਨੇਕਾਂ ਗੁਰਦੁਆਰਾ ਸਾਹਿਬਾਂ ਨੂੰ ਪ੍ਰਗਟ ਕਰਨ ਲਈ ਆਪਣਾ ਬਲਿਦਾਨ ਦਿੱਤਾ । ਜਥੇਦਾਰ ਅਮਰਿੰਦਰ ਸਿੰਘ ਨੇ ਅੱਗੇ ਲਿਖਿਆ ਕਿ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਵੀ ਹਨ, ਇਸ ਸਥਾਨ ਤੇ ਹਰ ਸਾਲ ਸ਼ਹੀਦੀ ਪੰਦਰਵਾੜੇ ਦੌਰਾਨ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਵਾ ਕੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਚੱਪੜ ਚਿੜੀ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਜੋ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤਹਿਤ ਆਉਂਦਾ ਹੈ।।