ਐਸ ਏ ਐਸ ਨਗਰ - ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਮੋਤੀ ਰਾਮ ਜੀ ਮਹਿਰਾ ਅਤੇ ਦੀਵਾਨ ਟੋਡਰ ਮੱਲ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਦਿਹਾੜੇ ਦੇ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ । ਇਸ ਉਪਰੰਤ ਸਾਰਾ ਦਿਨ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਗੁਰਮਤਿ ਸਮਾਗਮ ਵਿੱਚ ਸ਼ੇਰੇ ਪੰਜਾਬ ਕਵੀਸ਼ਰੀ ਜੱਥੇ ਨੇ ਬਾਬਾ ਮੋਤੀ ਰਾਮ ਜੀ ਮਹਿਰਾ ਵਲੋ ਸੁਬਾ ਸਰਹਿੰਦ ਦੀ ਕੇਦ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਲਾਉਣ ਦੀ ਸੇਵਾ ਕਰਨ ਦਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਸੁਨਾਇਆ ਉਨਾਂ ਇਹ ਵੀ ਦਸਿਆ ਕਿ ਮੁਗਲ ਹਕੁਮਤ ਨੇ ਉਨਾ ਨੂੰ ਇਹ ਸੇਵਾ ਕਰਨ ਬਦਲੇ ਸਮੇਤ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ। ਭਾਈ ਹਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮਿ੍ਰਤਸਰ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਸੁਨਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਸ਼ਮਸ਼ੇਰ ਸਿੰਘ ਜੀ ਕਰਨਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਦੀਵਾਨ ਟੋਡਰ ਮੱਲ ਜੀ ਵਲੋ ਮੁਗਲ ਹਕੁਮਤ ਤੋ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੁਨੀਆਂ ਦੀ ਸਭ ਤੋ ਮਹਿੰਗੀ ਜੱਗਾ ਖਰੀਦ ਕੇ ਸੰਸਕਾਰ ਕਰਨ ਦੇ ਪ੍ਰਸੰਗ ਨੂੰ ਵਿਸਥਾਰ ਸਾਹਿਤ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਭਾਈ ਓਂਕਾਰ ਸਿੰਘ ਹੁਸ਼ਿਆਰਪੁਰ ਵਾਲਿਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਭਾਈ ਤੇਜਿੰਦਰ ਸਿੰਘ, ਬੀਬੀ ਬਲਵਿੰਦਰ ਕੌਰ, ਭਾਈ ਗੁਰਬਖਸ਼ ਸਿੰਘ, ਭਾਈ ਹਰਵਿੰਦਰ ਸਿੰਘ, ਬੀਬੀ ਕੰਵਲਜੀਤ ਕੌਰ , ਭਾਈ ਏਕਮਜੋਤ ਸਿੰਘ ਜੀ, ਭਾਈ ਵਰਿੰਦਰ ਸਿੰਘ ਜੀ, ਭਾਈ ਹਰਸਿਮਰਨਜੀਤ ਸਿੰਘ, ਭਾਈ ਪਿ੍ਰਤਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਸਰੂਪ ਸਿੰਘ ਜੀ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ, ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਹਜ਼ਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ । ਹਰ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ । ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ । ਇਸ ਮੋਕੇ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ ਮਿਤੀ ੧ ਜਨਵਰੀ ੨੦੨੬ ਨੂੰ ਕਾਰ ਸੇਵਾ ਦੇ ਪੂੰਜ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਮਿਠੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਹਜ਼ੂਰੀ ਰਾਗੀ ਜੱਥੇ, ਇੰਟਰਨੈਸ਼ਨਲ ਢਾਡੀ ਜੱਥੇ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਜੱਸ ਸੁਨਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਜੀ।