ਅੰਮ੍ਰਿਤਸਰ- ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਦੁਨਿਆਵੀ ਚਲੰਤ ਮਾਮਲਿਆਂ ਨਾਲ ਸਬੰਧਤ ਕੈਲੰਡਰ ਅਨੁਸਾਰ ਸਮੁੱਚੀ ਲੋਕਾਈ ਨੂੰ ਨਵੇਂ ਸਾਲ 2026 ਦੀ ਆਮਦ ਤੇ ਵਧਾਈ ਦੇਂਦਿਆਂ ਅਕਾਲ ਪੁਰਖ ਦੇ ਚਰਨਾਂ ‘ਚ ਅਰਜੋਈ ਬੇਨਤੀ ਕੀਤੀ ਹੈ ਕਿ ਇਹ ਸਾਲ ਸਭ ਲਈ ਖੁਸ਼ਹਾਲੀ, ਤਰੱਕੀ, ਸੁਖਸਾਂਤੀ ਤੇ ਚੜਦੀਕਲਾ ਵਾਲਾ ਹੋਵੇ। ੳਨ੍ਹਾਂ ਸਭਨਾਂ ਦੇ ਸੁਖੀ ਜੀਵਨ ਤੇ ਦੇਹ ਅਰੋਗਤਾ ਦੀ ਕਾਮਨਾ ਕੀਤੀ ਹੈ।
ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਪਿਛਲਾ ਸਾਲ ਕਿਹੋ ਜਿਹਾ ਵੀ ਬੀਤਿਆ ਹੋਵੇ, ਉਹ ਆਪਣੀਆਂ ਪੈੜਾਂ ਦੀ ਛਾਪ ਦਿਲਾਂ `ਤੇ ਛੱਡ ਹੀ ਜਾਂਦਾ ਹੈ। ਅਸੀਂ ਆਪਣੀ ਸੋਚ ਅਨੁਸਾਰ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਨਾਲ ਹੀ ਰੂਪ-ਰੇਖਾ ਅਸੀਂ ਤਿਆਰ ਕਰਨੀ ਹੈ ਕਿ ਜੀਵਨ ‘ਚ ਖੁਸ਼ਹਾਲੀ ਵਾਲੇ ਰੰਗ ਭਰੀਏ ਤਾਂ ਜੋ ਘਰ-ਸਮਾਜ ਨੂੰ ਵਧੀਆ ਬਣਾਉਣ `ਚ ਸਹਾਈ ਹੋ ਸਕੀਏ। ਸਾਨੂੰ ਸਬਰ, ਸੰਜਮ ਤੇ ਜਿਗਰੇ ਦੀ ਮਿਸਾਲ ਬਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਜੇ ਹਰ ਬੰਦਾ ਆਪਣਾ ਫ਼ਰਜ਼ ਸਮਝ ਕੇ ਪਹਿਲਾਂ ਪਰਿਵਾਰ ਨੂੰ ਤੇ ਫਿਰ ਆਲੇ-ਦੁਆਲੇ ਨੂੰ ਖ਼ੂਬਸੂਰਤ ਦਿੱਖ ਦੇਣ ਦੀ ਕੋਸ਼ਿਸ਼ ਕਰੇ ਤਾਂ ਯਕੀਨਨ ਇਹ ਸਾਡਾ ਜੀਵਨ ਸਵਰਗ ਬਣ ਜਾਵੇਗਾ। ਹਰ ਜੀਅ ਸੁਖੀ ਵੱਸੇ, ਹਰ ਘਰ-ਪਰਿਵਾਰ `ਚ ਖੁਸ਼ੀਆਂ ਦਾ ਵਰਤਾਰਾ ਹੋਵੇ। ਉਨ੍ਹਾਂ ਕਿਹਾ ਕੇਵਲ ਨਵੇਂ ਸਾਲ ਦੇ ਸੁਨੇਹੇ ਭੇਜਣੇ ਹੀ ਕਾਫ਼ੀ ਨਹੀਂ। ਨਵੇਂ ਸਾਲ ਨੂੰ ਇਕ ਸੁਨਹਿਰੀ ਸਾਲ ਬਣਾਉਣ ਲਈ ਸਾਨੂੰ ਨਵੀਆਂ ਯੋਜਨਾਵਾਂ ਦਾ ਆਗ਼ਾਜ ਕਰਨਾ ਚਾਹੀਦਾ ਹੈ ਅਤੇ ਆਪਣੇ ਮਨਾਂ ਨੂੰ ਪਿਆਰ ਦੇ ਸੋਮੇ ਨਾਲ ਭਰਨ ਦੀ ਲੋੜ ਹੈ। ਈਰਖਾ ਦੇ ਬੂਟੇ ਨੂੰ ਜੜ੍ਹੋਂ ਪੁੱਟ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਬਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਰਿਆਂ ਨੂੰ ਜਾਤੀਵਾਦ, ਨਸਲਵਾਦ, ਛੂਆ-ਛੂਤ, ਅਮੀਰੀ-ਗ਼ਰੀਬੀ ਤੇ ਨਫ਼ਰਤ ਦੀਆਂ ਕੰਧਾਂ ਡੇਗ ਕੇ ਇਕ ਉੱਤਮ ਸਮਾਜ ਸਿਰਜਣ ਦੀ ਸਖ਼ਤ ਲੋੜ ਹੈ। ਆਓ ਸਾਰੇ ਪਿਆਰ ਮੁਹੱਬਤ ਦੇ ਘਰ-ਘਰ ਸੁਨੇਹੇ ਘੱਲੀਏ। ਸਤਿਗੁਰੂ ਤੁਹਾਡੀ ਬਾਂਹ ਖ਼ੁਦ ਫੜੇਗਾ। ਤੁਸੀਂ ਸੁਖ਼ਨ ਰਾਹਾਂ ਦੇ ਵਾਰਸ ਬਣੋਗੇ ਤੇ ਇਕ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੋਗੇ। ਅਕਾਲ ਪੁਰਖ ਤੁਹਾਡੇ ਲਈ 2026 ਵਰ੍ਹੇ ਖੁਸ਼ੀਆਂ ਦੇ ਤੋਹਫ਼ੇ ਲੈ ਕੇ ਆਵੇ।