ਚੰਡੀਗੜ੍ਹ-ਸਰਕਾਰ ਤੋਂ ਸਵਾਲ ਪੁੱਛਣ ਤੇ ਖਫ਼ਾ ਹੋ ਕੇ ਪੁਲਿਸ ਵੱਲੋਂ ਕੁੱਝ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇੰਨਫਲੈਂਸਰਾਂ ਤੇ ਦਰਜ ਕੀਤੇ ਗਏ ਪੁਲਿਸ ਕੇਸ ਦੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇਸ ਸਬੰਧੀ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਲਿਖੇ ਇਕ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ, "ਭਗਵੰਤ ਮਾਨ ਜੀ ਤੁਸੀਂ ਖੁਦ ਲੋਕਾਂ ਨੂੰ ਕਿਹਾ ਕਰਦੇ ਸੀ ਕਿ ਉਹ ਲੀਡਰਾਂ ਤੋਂ ਸਵਾਲ ਪੁੱਛਣ। ਹੁਣ ਜਦ ਕੁਝ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇੰਨਫ਼ਲੈੰਸਰਾਂ ਨੇ ਤੁਹਾਡੇ ਹੈਲੀਕਾਪਟਰ ਸਬੰਧੀ ਸਵਾਲ ਉਠਾਏ ਤਾਂ ਤੁਸੀਂ ਉਹਨਾਂ ਤੇ ਪਰਚੇ ਦਰਜ ਕਰ ਦਿੱਤੇ। ਕੀ ਇਹ ਲੋਕਤੰਤਰ ਹੈ ? ਮੁੱਖ ਮੰਤਰੀ ਜੀ, ਲੋਕ ਰਾਜ ਨੂੰ ਪੁਲਿਸ ਰਾਜ ਨਾ ਬਣਾਓ।"
ਇਸ ਸਬੰਧੀ ਪ੍ਰੈਸ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂੰਸਰਾਂ ਤੇ ਲੁਧਿਆਣਾ ਵਿੱਚ ਪਰਚਾ ਕਰਵਾ ਕੇ ਲੋਕਾਂ ਕੋਲੋਂ ਸਰਕਾਰ ਤੋਂ ਸਵਾਲ ਕਰਨ ਦਾ ਅਧਿਕਾਰ ਖੋਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਦੇ ਵਿਰੁੱਧ ਹੈ ਅਤੇ ਸੰਵਿਧਾਨ ਵੱਲੋਂ ਦਿੱਤੀ ਬੋਲਣ ਦੀ ਆਜਾਦੀ ਦਾ ਵੀ ਉਲੰਘਣ ਹੈ। ਜੇਕਰ ਕਿਸੇ ਨਾਗਰਿਕ ਨੇ ਸਰਕਾਰੀ ਹੈਲੀਕਾਪਟਰ ਕਿਸ ਨੇ ਵਰਤਿਆ ਇਸ ਬਾਰੇ ਸਵਾਲ ਪੁੱਛ ਲਿਆ ਤਾਂ ਇਹ ਕੋਈ ਗੁਨਾਹ ਥੋੜਾ ਹੋ ਗਿਆ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਅਲੋਚਣਾ ਤੋਂ ਸਰਕਾਰ ਆਪਣੀਆਂ ਕਮੀਆਂ ਸੁਧਾਰ ਸਕਦੀ ਹੁੰਦੀ ਹੈ ਪਰ ਇਸ ਸਰਕਾਰ ਨੂੰ ਤਾਂ ਅਲੋਚਣਾ ਸੁਣਨਾ ਪਸੰਦ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਹੰਕਾਰੀ ਰਵਈਆਂ ਪੰਜਾਬ ਦੀ ਰਵਾਇਤ ਨਹੀਂ ਹੈ ਅਤੇ ਪੰਜਾਬ ਦੇ ਲੋਕ ਅਜਿਹੀ ਹੰਕਾਰ ਗ੍ਰਸਤ ਸਰਕਾਰ ਨੂੰ 2027 ਵਿਚ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ।