ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਅੱਜ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਰਟਿਡ ਅਕਾਉਟੈਂਟ ਸ੍ਰ ਸਤਿੰਦਰ ਸਿੰਘ ਕੋਹਲੀ ਨੂੰ ਅੰਮ੍ਰਿਤਸਰ ਪੁਲੀਸ ਨੇ ਚੰਡੀਗੜ੍ਹ ਤੋ ਹਿਰਾਸਤ ਵਿਚ ਲੈ ਲਿਆ ਹੈ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋ ਬਾਅਦ ਬੀਤੀ 7 ਦਸੰਬਰ 2025 ਨੂੰ ਅੰਮ੍ਰਿਤਸਰ ਪੁਲੀਸ ਵਲੋ ਥਾਨਾ ਸੀ ਡਵੀਜਨ ਵਿਚ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ਤੇ ਐਫ ਆਈ ਆਰ ਨੰਬਰ 168 ਦਾਇਰ ਕੀਤੀ ਗਈ ਜਿਸ ਦੇ ਤਹਿਤ ਸ੍ਰੀ ਕੋਹਲੀ ਸਮੇਤ ਕੁਲ 16 ਵਿਅਕਤੀਆਂ ਤੇ ਧਾਰਾ 295, 295 ਏ, 409, 465 ਅਤੇ 120 ਬੀ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਤੇ ਅਗਲੇਰੀ ਕਾਰਵਾਈ ਕਰਨ ਲਈ ਬੀਤੀ 22 ਦਸੰਬਰ 2025 ਨੂੰ ਇਕ ਵਿਸੇ਼ਸ਼ ਪੜਤਾਲੀਆ ਟੀਮ ਦਾ ਗਠਨ ਵੀ ਕੀਤਾ ਗਿਆ ਸੀ। ਅੱਜ ਇਸ ਵਿਸੇ਼ਸ਼ ਪੜਤਾਲੀਆ ਟੀਮ ਨੇ ਕਾਰਵਾਈ ਕਰਦਿਆਂ ਸ੍ਰੀ ਸਤਿੰਦਰ ਸਿੰਘ ਕੋਹਲੀ ਨੂੰ ਹਿਰਾਸਤ ਵਿਚ ਲਿਆ ਹੈ। ਬੀਤੇ ਕਲ ਅੰਮ੍ਰਿਤਸਰ ਤੋ ਗਈ ਵਿਸੇ਼ਸ਼ ਪੜਤਾਲੀਆ ਟੀਮ ਜਿਸ ਦੀ ਅਗਵਾਈ ਏ ਸੀ ਪੀ ਡੀਟੈਕਟਿਵ ਸ੍ਰ ਹਰਵਿੰਦਰ ਸਿੰਘ ਸੰਧੂ ਕਰ ਰਹੇ ਸਨ ਨੇ ਸ੍ਰੀ ਕੋਹਲੀ ਨੂੰ ਚੰਡੀਗੜ੍ਹ ਤੋ ਹਿਰਾਸਤ ਵਿਚ ਲਿਆ ਹੈ।ਵਧੇਰੇ ਪੁੱਛਗਿਛ ਲਈ ਵਿਸੇ਼ਸ਼ ਪੜਤਾਲੀਆ ਟੀਮ ਵਲੋ ਸ੍ਰੀ ਕੋਹਲੀ ਨੂੰ ਅੰਮ੍ਰਿਤਸਰ ਵੀ ਲਿਆਂਦਾ ਜਾ ਸਕਦਾ ਹੈ।ਇਸ ਤੋ ਪਹਿਲਾਂ 10 ਦਸੰਬਰ ਨੂੰ ਲਾਪਤਾ ਸਰੂਪ ਮਾਮਲੇ ਵਿਚ ਜਿੰਮੇਵਾਰ ਦਸੇ ਜਾਂਦੇ ਵਿਅਕਤੀਆਂ ਵਲੋ ਅੰਮ੍ਰਿਤਸਰ ਦੇ ਵਧੀਕ ਸ਼ੈਸ਼ਨ ਜੱਜ ਸ੍ਰ ਗੁਰਬੀਰ ਸਿੰਘ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਸੀ, ਜਿਸ ਤੇ ਮਾਨਯੋਗ ਅਦਾਲਤ ਨੇ 18 ਦਸੰਬਰ ਤਕ ਸਟੇਅ ਦਿੱਤਾ ਸੀ ਤੇ 20 ਦਸੰਬਰ ਨੂੰ ਇਨਾਂ 16 ਵਿਅਕਤੀਆਂ ਦੀ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ। ਜਿਸ ਤੋ ਬਾਅਦ ਇਹ ਕਾਰਵਾਈ ਹੋਈ ਹੈ। ਦਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪ ਮਾਮਲੇ ਵਿਚ ਪੜਤਾਲ ਕਰਨ ਲਈ ਬਣਾਏ ਡਾ ਈਸ਼ਰ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੋ ਬਾਅਦ ਸ੍ਰੀ ਸਤਿੰਦਰ ਸਿੰਘ ਕੋਹਲੀ ਤੇ ਉਨਾਂ ਦੀ ਫਰਮ ਐਸ ਐਸ ਕੋਹਲੀ ਐਸੋਸੀਏਟ ਦੀਆਂ ਸੇਵਾਵਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਅਤਿੰ੍ਰਗ ਕਮੇਟੀ ਦੀ ਮੀਟਿੰਗ ਵਿਚ ਸਮਾਪਤ ਕਰ ਦਿੱਤੀਆਂ ਸਨ ਤੇ ਉਨਾਂ ਨੂੰ ਲਈ ਤਨਖਾਹ ਦੀ 75 ਫੀਸਦੀ ਰਾਸ਼ੀ ਕਮੇਟੀ ਕੋਲ ਜਮਾਂ ਕਰਵਾਉਣ ਲਈ ਵੀ ਕਿਹਾ ਸੀ। ਇਸ ਰਿਕਵਰੀ ਲਈ ਸ਼ੋ੍ਰਮਣੀ ਕਮੇਟੀ ਨੇ ਸ੍ਰੀ ਕੋਹਲੀ ਤੇ ਉਨਾਂ ਦੀ ਫਰਮ ਉਪਰ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ।