ਨਵੀਂ ਦਿੱਲੀ- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕੈਨੇਡਾ ਵਿਖੇ ਨਵੇਂ ਈਸਵੀ ਸਾਲ ਦੀ ਆਮਦ ਤੇ ਹਜ਼ਾਰਾਂ ਹੀ ਸੰਗਤਾਂ ਨਤਮਸਤਕ ਹੋਈਆਂ, ਗੁਰੂ ਘਰ ਵਿਖੇ ਪੂਰੇ ਦਿਨ ਦੇ ਦੀਵਾਨ ਸਜਾਏ ਗਏ ਜਿਸ ਦੇ ਵਿਚ ਕੌਮ ਦੇ ਪ੍ਰਸਿੱਧ ਰਾਗੀ ਉਸਤਾਦ ਭਾਈ ਸੁਖਵੰਤ ਸਿੰਘ ਜੀ ਨੇ ਜਥੇ ਸਮੇਤ ਹਾਜ਼ਰੀ ਭਰੀ, ਰਾਤ 12 ਵਜੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਹਾਜ਼ਿਰੀ ਭਰਦਿਆਂ ਸ਼ਾਮਿਲ ਹੋਈਆਂ ਸਨ । ਇਸ ਮੌਕੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ ਕਾਉਂਕੇ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਸ਼ਰਧਾ ਦੇ ਫੁਲ ਭੇਟ ਭੇਟਾ ਕੀਤੇ ਗਏ ਅਤੇ ਉਹਨਾਂ ਦੇ ਜੀਵਨ ਅਤੇ ਸ਼ਹਾਦਤ ਤੋਂ ਜਾਣੂ ਕਰਵਾਉਂਦਿਆਂ ਗੁਰੂ ਘਰ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਉਹਨਾਂ ਦੇ ਦੱਸੇ ਰਸਤੇ ਤੇ ਚੱਲਣ ਲਈ ਕਿਹਾ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਚਲਦਾ ਰੱਖਣ ਦੀ ਗੱਲ ਕੀਤੀ । ਇਸ ਮੌਕੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਵੀ ਦੀਵਾਨ ਸਜਾਏ ਗਏ ਅਤੇ ਪਿਛਲੇ ਦਿਨਾਂ ਤੋਂ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਦੇ ਭੋਗ ਪਾਏ ਗਏ । ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਅਤੇ ਢਾਡੀ ਜਥਿਆਂ ਵਿੱਚ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ, ਭਾਈ ਜਗਜੀਤ ਸਿੰਘ ਗੁਰਦਾਸਪੁਰ ਵਾਲੇ, ਭਾਈ ਸੁਰਜੀਤ ਸਿੰਘ ਜਲੰਧਰ, ਉਸਤਾਦ ਸੁਖਵੰਤ ਸਿੰਘ, ਉਸਤਾਦ ਜਸਪਾਲ ਸਿੰਘ, ਉਸਤਾਦ ਅਨਕਬਾਰ ਸਿੰਘ, ਉਸਤਾਦ ਬਲਜਿੰਦਰ ਸਿੰਘ, ਕਥਾ ਵਾਚਕ ਭਾਈ ਸਾਹਿਬ ਸਿੰਘ, ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਪੁਸ਼ਪਿੰਦਰ ਕੌਰ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ । ਇਸ ਮੌਕੇ ਸੰਗਤਾਂ ਵਲੋਂ ਲਗਾਏ ਗਏ ਲੰਗਰਾਂ ਦੇ ਸਟਾਲ ਦਾ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।