ਨਵੀਂ ਦਿੱਲੀ - ਕਤਲ ਅਤੇ ਜਬਰਜਿਨਾਹ ਦੇ ਗੰਭੀਰ ਦੋਸ਼ਾਂ ਵਿਚ ਉਮਰ ਕੈਦ ਦੀ ਸਜ਼ਾ ਯਾਫਤਾ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਲਈ ਪੈਰੋਲ ਦੇ ਦਿੱਤੀ ਗਈ ਹੈ। ਜਦੋ ਕਿ ਇਸ ਤੋਂ ਪਹਿਲਾਂ ਉਸਨੂੰ ਅਗਸਤ 2025 ਵਿੱਚ ਪੈਰੋਲ ਦਿੱਤੀ ਗਈ ਸੀ। ਹੁਣ ਤਕ ਗੁਰਮੀਤ ਰਾਮ ਰਹੀਮ ਨੂੰ ਕੁੱਲ 15 ਵਾਰ ਪੈਰੋਲ ਦਿੱਤੀ ਗਈ ਹੈ, ਜਿਸਦਾ ਅਰਥ ਹੈ ਕਿ ਜੇਲ੍ਹ ਤੋਂ ਬਾਹਰ 406 ਦਿਨ, ਯਾਨੀ ਇੱਕ ਸਾਲ ਤੋਂ ਵੱਧ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਉਪਰੋਕਤ ਸ਼ਬਦਾਂ ਦਾ ਜਿਕਰ ਕਰਦਿਆਂ ਕਿਹਾ ਇਹ ਕੋਈ ਭਾਵਨਾਤਮਕ ਸਵਾਲ ਨਹੀਂ ਹੈ, ਸਗੋਂ ਨਿਆਇਕ ਪ੍ਰਕਰੀਆ ਨੂੰ ਸਾਡਾ ਇੱਕ ਪ੍ਰਣਾਲੀਗਤ ਸਵਾਲ ਹੈ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕੈਦੀ ਨੂੰ ਇੰਨੀ ਵਾਰ ਪੈਰੋਲ ਕਿਵੇਂ ਮਿਲ ਰਹੀ ਹੈ? ਕੀ ਪੈਰੋਲ ਦਾ ਉਦੇਸ਼ ਸੁਧਾਰਾਤਮਕ ਹੈ, ਜਾਂ ਕੀ ਖਾਸ ਮਾਮਲਿਆਂ ਵਿੱਚ ਨਿਯਮ ਵੱਖਰੇ ਹਨ? ਉਨ੍ਹਾਂ ਕਿਹਾ ਕੀ ਇਹ ਵਿਸ਼ੇਸ਼ ਅਧਿਕਾਰ ਉਮਰ ਕੈਦ ਦੀ ਸਜ਼ਾ ਪ੍ਰਾਪਤ ਹਰੇਕ ਕੈਦੀ ਨੂੰ ਉਪਲਬਧ ਹੈ? ਜ਼ੇਕਰ ਹਾਂ ਤਾਂ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਹੈ ਜ਼ੇਕਰ ਨਹੀਂ ਤਾਂ ਇਸ ਦਾ ਮਤਲਬ ਦੇਸ਼ ਅੰਦਰ ਦੋ ਕਾਨੂੰਨ ਲਾਗੂ ਹਨ ਜਿਸ ਵਿਚ ਇਕ ਕਾਨੂੰਨ ਤਹਿਤ ਗੁਰਮੀਤ ਰਾਮ ਰਹੀਮ ਵਰਗੇ ਬਲਾਤਕਾਰੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਤੇ ਦੂਜੇ ਕਾਨੂੰਨ ਤਹਿਤ ਬੰਦੀ ਸਿੰਘਾਂ ਨੂੰ ਨਹੀਂ । ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ ਹੈ। ਪਰ, ਇੱਕ ਵਿਅਕਤੀ ਜਿਸ ਨੇ ਇੰਨਾ ਵੱਡਾ ਗੁਨਾਹ ਕੀਤਾ ਹੈ, ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਦਾ ਮਤਲਬ ਉਹ ਅੰਦਰ ਵੀ ਪੈਰੋਲ ਕੱਟ ਰਿਹਾ ਤੇ ਬਾਹਰ ਵੀ। ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿਉਕਿ ਇੰਝ ਲੱਗਦਾ ਹੈ ਕਿ ਰਾਮ ਰਹੀਮ ਲਈ ਕਾਨੂੰਨ ਹੀ ਵੱਖਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਅਸੀਂ ਬੰਦੀ ਸਿੰਘਾਂ ਦੀ ਤੁਲਨਾ ਇਸ ਕਾਤਿਲ ਅਤੇ ਬਲਾਤਕਾਰੀ ਦੇ ਨਾਲ ਨਹੀ ਕਰਦੇ ਹਾਂ, ਪਰ, ਦੇਸ਼ ਅੰਦਰ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ।