ਮੋਹਾਲੀ- ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿੱਚ ਕਈ ਪ੍ਰਮੁੱਖ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ‘ਤੇ ਟਕਸਾਲੀ ਅਕਾਲੀ ਪਰਿਵਾਰ ਤੋਂ ਸਾਬਕਾ ਪ੍ਰਧਾਨ ਸਿੱਖਿਆ ਬੋਰਡ ਗੁਰਦੀਪ ਸਿੰਘ ਢਿੱਲੋਂ, ਲਾਂਡਰਾਂ ਕਾਲਜ ਦੇ ਸਾਬਕਾ ਪ੍ਰਧਾਨ ਕਰਨਦੀਪ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ ਮਾਨ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਢੋਲੋਵਾਲ, ਐਡਵੋਕੇਟ ਸੁਰਿੰਦਰ ਸਿੰਘ ਚਹਿਲ, ਕੰਵਰ ਸਿੰਘ ਗਿੱਲ, ਭੁਪਿੰਦਰ ਸ਼ਰਮਾ, ਸੁਜਲਪੁਰੀ ਅਤੇ ਆਮ ਆਦਮੀ ਪਾਰਟੀ ਤੋਂ ਮਨਿਦਰ ਸਿੰਘ ਬਿੱਟੂ ਸ਼ਾਮਿਲ ਹੋਏ।
ਸੰਬੋਧਨ ਦੌਰਾਨ ਸਿੱਧੂ ਨੇ ਕਿਹਾ ਕਿ ਇਹ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗੀ।
ਸਿੱਧੂ ਨੇ ਮੋਹਾਲੀ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਯਾਦ ਦਿਵਾਈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ—ਜਿਵੇਂ ਸੈਕਟਰ 66 ਵਿੱਚ 300 ਬਿਸਤਰਿਆਂ ਵਾਲਾ ਹਸਪਤਾਲ। ਟੈਂਡਰ ਪਾਸ ਕੀਤੇ ਜਾ ਚੁੱਕੇ ਸਨ ਤੇ ਨੀਂਹ ਪੱਥਰ ਵੀ ਰੱਖੇ ਜਾ ਚੁੱਕੇ ਸਨ ਪਰ ਅਜੇ ਵੀ ਇਹ ਪ੍ਰਾਜੈਕਟ ਪੂਰੇ ਨਹੀਂ ਹੋਏ।
ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਮੋਹਾਲੀ ਸੈਕਟਰ-79 ਵਿੱਚ ਬਣਾਇਆ ਗਿਆ ਔਟਿਜ਼ਮ ਸੈਂਟਰ ਖਾਲੀ ਅਤੇ ਖੰਡਰ ਬਣ ਚੁੱਕਾ ਹੈ। ਉਸੇ ਸੈਕਟਰ ਵਿੱਚ ਬਣੀ ਡਿਸਪੈਂਸਰੀ ਅਧੂਰੀ ਅਤੇ ਅਟਕੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ।
ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਸਿਰਫ਼ ਇਮਾਰਤਾਂ ਅਤੇ ਅੰਕੜਿਆਂ ਦਾ ਨਹੀਂ—ਇਹ ਸਿਸਟਮ ਦੀ ਕਾਰਗੁਜ਼ਾਰੀ ਦਾ ਮਾਮਲਾ ਹੈ। ਜਨਤਾ ਜਾਣਨਾ ਚਾਹੁੰਦੀ ਹੈ ਕਿ ਜਿਨ੍ਹਾਂ ਪ੍ਰਾਜੈਕਟਾਂ ਦਾ ਦਾਅਵਾ ਕੀਤਾ ਗਿਆ ਸੀ, ਉਹ ਕਿੱਥੇ ਰੁਕ ਗਏ ਹਨ ਅਤੇ ਕਿਉਂ? ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹਨ।
ਸਿੱਧੂ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਸੜਕਾਂ, ਸਿਹਤ, ਸਿੱਖਿਆ ਅਤੇ ਲੋਕ ਭਲਾਈ ਦੇ ਹਰ ਖੇਤਰ ਵਿੱਚ ਸੁਧਾਰ ਲਿਆਂਦੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਪੰਜਾਬ ਦੇ ਵਿਕਾਸ ਨੂੰ ਪਿੱਛੇ ਖਿੱਚਿਆ ਹੈ, ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਖੁਸ਼ਹਾਲੀ ਲਈ ਸੱਚੇ ਅਤੇ ਮਜ਼ਬੂਤ ਨੇਤਾ ਅੱਗੇ ਆਉਣ।
ਸਿੱਧੂ ਨੇ ਇਹ ਵੀ ਦੱਸਿਆ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਹਰ ਆਗੂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਅਨੁਭਵਾਂ ਨੂੰ ਮੋਹਾਲੀ ਦੇ ਵਿਕਾਸ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ।