ਅਕਾਲ ਫੈਡਰੇਸ਼ਨ ਦੇ ਫਾਊਂਡਰ ਅਤੇ ਸਾਬਕਾ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਦਾ ਅੱਜ ਦੇਰ ਸ਼ਾਮ ਸੈਕਟਰ 32 ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹਨਾਂ ਨੂੰ ਸਾਹ ਵਿੱਚ ਦਿੱਕਤ ਆ ਰਹੀ ਸੀ ਜਿਸ ਲਈ ਚੈੱਕਅਪ ਲਈ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਨਾਂ ਨੇ ਆਪਣੇ ਜੀਵਨ ਦੇ ਆਖਰੀ ਸਵਾਸ ਲਏ ਅਤੇ ਅਕਾਲ ਚਲਾਣਾ ਕਰ ਗਏ। ਭਾਈ ਕੰਵਰ ਸਿੰਘ ਧਾਮੀ ਚੰਡੀਗੜ੍ਹ ਦੇ ਪਲਸੋਰਾ ਪਿੰਡ ਵਿਖੇ ਅਕਾਲ ਆਸਰਾ ਨਾਮ ਦੀ ਇੱਕ ਸੰਸਥਾ ਚਲਾ ਰਹੇ ਹਨ ਜਿਸ ਵਿੱਚ ਖਾੜਕੂ ਲਹਿਰ ਦੇ ਸ਼ਹੀਦ ਪਰਿਵਾਰਾਂ ਦੀਆਂ ਬੱਚੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ।
ਪੰਜਾਬ ਪੁਲਿਸ ਵੱਲੋਂ 29 ਮਾਰਚ 1994 ਨੂੰ ਬੁਲਾਈ ਉਸ ਪ੍ਰੈਸ ਕਾਨਫਰੰਸ ਵਿੱਚ ਮੈਂ ਵੀ ਮੌਜੂਦ ਸੀ। ਦੇਸ਼ ਵਿਦੇਸ਼ ਦੇ ਭਾਰੀ ਭਰਕਮ ਮੀਡੀਆ ਨਾਲ ਲੈਸ ਅਸਥਾਨ ਤੇ ਜਦੋਂ ਭਾਈ ਕੰਵਰ ਸਿੰਘ ਧਾਮੀ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਗਿਆ ਪਹਿਲੇ ਕੁਝ ਸੈਕਿੰਡ ਤਾਂ ਉਹ ਪੁਲਿਸ ਦੇ ਪ੍ਰਭਾਵ ਹੇਠ ਲੱਗ ਰਹੇ ਸਨ ਪ੍ਰੰਤੂ ਕੁਝ ਹੀ ਮਿੰਟਾਂ ਚ ਉਹਨਾਂ ਨੇ ਆਪਣਾ ਅਸਲੀ ਰੂਪ ਧਾਰਨ ਕਰ ਲਿਆ ਅਤੇ ਉਹ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਨਾਲ ਪੁਲਿਸ ਨੇ ਕੀਤਾ ਸੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਿੱਚ ਤੜਥੱਲੀ ਪੈ ਗਈ ਕਈ ਪੁਲਿਸ ਅਫਸਰਾਂ ਦੇ ਇਸ ਘਟਨਾ ਨਾਲ ਚਿਹਰੇ ਪੀਲੇ ਪੈ ਗਏ। ਪੰਜਾਬ ਪੁਲਿਸ ਚਾਹੁੰਦੀ ਸੀ ਕਿ ਜੋ ਉਹ ਭਾਈ ਕੰਵਰ ਸਿੰਘ ਧਾਮੀ ਨੂੰ ਪੜਾ ਕੇ ਲਿਆਏ ਹਨ ਉਹੀ ਪੜੇ ।
ਇੱਥੇ ਦੱਸਣਾ ਬਣਦਾ ਹੈ ਡੀਜੀਪੀ ਕੇ.ਪੀ.ਐਸ. ਗਿੱਲ ਨੇ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕੰਵਰ ਸਿੰਘ ਧਾਮੀ ਨੂੰ ਮੀਡੀਆ ਸਾਹਮਣੇ "ਆਤਮ-ਸਮਰਪਣ" ਕਰਵਾਉਣ ਲਈ ਪੇਸ਼ ਕੀਤਾ ਸੀ, ਪਰ ਭਾਈ ਕੰਵਰ ਸਿੰਘ ਧਾਮੀ ਨੇ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ. ਗਿੱਲ ਦੀ ਹਾਜ਼ਰੀ ਵਿੱਚ ਸਰਕਾਰੀ ਸਕ੍ਰਿਪਟ ਪੜ੍ਹਨ ਤੋਂ ਇਨਕਾਰ ਕਰ ਦਿੱਤਾ।
ਪੰਜਾਬ ਪੁਲਿਸ ਜਿਸਦਾ ਮਕਸਦ ਇਹ ਦਿਖਾਉਣਾ ਸੀ ਕਿ ਇੱਕ ਵੱਡੇ ਖਾੜਕੂ ਆਗੂ ਕੰਵਰ ਸਿੰਘ ਧਾਮੀ ਨੇ ਪੁਲਿਸ ਦੀ ਮੌਜੂਦਗੀ ਵਿੱਚ ਪ੍ਰੈਸ ਦੇ ਸਾਹਮਣੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ।ਪਰੰਤੂ ਜਦੋਂ ਭਾਈ ਕੰਵਰ ਸਿੰਘ ਧਾਮੀ ਨੂੰ ਪੱਤਰਕਾਰਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਤਾਂ ਉਹਨਾਂ ਸਰਕਾਰੀ ਬਿਆਨ ਪੜ੍ਹਨ ਦੀ ਥਾਂ ਦਲੇਰੀ ਨਾਲ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਤੇ ਹੋਏ ਤਸ਼ੱਦਦ ਦੀ ਕਹਾਣੀ ਕਹਿਣੀ ਸ਼ੁਰੂ ਕਰ ਦਿੱਤੀ ਜਿਸ ਨੇ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਪਾ ਦਿੱਤਾ ।
ਭਾਈ ਧਾਮੀ ਨੇ ਦੱਸਿਆ ਕਿਉਨ੍ਹਾਂ ਨੂੰ, ਉਨ੍ਹਾਂ ਦੀ ਗਰਭਵਤੀ ਪਤਨੀ ਬੀਬੀ ਕੁਲਦੀਪ ਕੌਰ ਅਤੇ 6 ਸਾਲਾ ਬੇਟੇ ਨੂੰ ਪਿਛਲੇ 10 ਮਹੀਨਿਆਂ ਤੋਂ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਸੀਹੇ ਦਿੱਤੇ ਅਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ "ਆਤਮ-ਸਮਰਪਣ" ਨਾ ਕੀਤਾ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਭਾਈ ਧਾਮੀ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਸਿੱਖ ਸੰਘਰਸ਼ ਨਾਲ ਗੱਦਾਰੀ ਨਹੀਂ ਕਰਨਗੇ ਅਤੇ ਉਹ ਪੁਲਿਸ ਦੇ ਅੱਗੇ ਨਹੀਂ ਝੁਕਣਗੇ। ਇਸ ਅਣਕਿਆਸੇ ਕਦਮ ਨਾਲ ਕੇ.ਪੀ.ਐਸ. ਗਿੱਲ ਅਤੇ ਹੋਰ ਉੱਚ ਅਧਿਕਾਰੀ ਹੱਕੇ-ਬੱਕੇ ਰਹਿ ਗਏ। ਮੌਕੇ 'ਤੇ ਮੌਜੂਦ ਪੱਤਰਕਾਰਾਂ ਨੇ
ਦੇਖਿਆ ਕਿ ਡੀਜੀਪੀ ਗਿੱਲ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਪੁਲਿਸ ਨੇ ਤੁਰੰਤ ਭਾਈ ਧਾਮੀ ਨੂੰ ਪੱਤਰਕਾਰਾਂ ਦੇ ਸਾਹਮਣਿਓਂ ਹਟਾ
ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਲੈ ਗਏ। ਜਾਂਦਿਆਂ ਜਾਂਦਿਆਂ ਉਹਨਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਮੇਰੀ ਪਤਨੀ ਅਤੇ ਬੱਚੇ ਨੂੰ ਮੁਹਾਰਾ ਬਣਾ ਕੇ ਮੇਰੇ ਤੋਂ ਇਹ ਸਭ ਕਰਵਾਉਣਾ ਚਾਹਿਆ, ਪਰ ਮੈਂ ਮਰਨਾ ਪਸੰਦ ਕਰਾਂਗਾ, ਝੁਕਣਾ ਨਹੀਂ।"