ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸੋਸ਼ਲ ਮੀਡੀਆ 'ਤੇ ਜਨਤਾ ਨੂੰ ਗੁੰਮਰਾਹ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਐਡਿਟ ਕੀਤੀ ਫਰਜ਼ੀ ਵੀਡੀਓ ਸਾਂਝੀ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ।
ਛੇੜਛਾੜ ਵਾਲੀ ਵੀਡੀਓ ਮਾਮਲੇ ਦੇ ਸਬੰਧ ਵਿੱਚ ਐਫ.ਆਈ.ਆਰ. ਦਰਜ ਕੀਤੇ ਜਾਣ ਅਤੇ ਬਾਅਦ ਵਿੱਚ ਫੋਰੈਂਸਿਕ ਜਾਂਚ ਵਿੱਚ ਵੀਡਿਓ ਦੀ ਜਾਣਬੁੱਝ ਕੇ ਹੇਰਾਫੇਰੀ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਕੀਤੇ ਗਏ। ਆਪ ਆਗੂਆਂ ਅਤੇ ਵਰਕਰਾਂ ਨੇ ਰਾਜ ਭਰ ਵਿੱਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ, ਜਿਨ੍ਹਾਂ ਨੇ ਸੰਪਾਦਿਤ ਵੀਡੀਓ ਸਾਂਝੀ ਕਰਨ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆ।
ਪਠਾਨਕੋਟ ਵਿੱਚ, ਆਪ ਵਰਕਰਾਂ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ, ਜਦੋਂ ਕਿ ਜਲੰਧਰ ਕੈਂਟ ਵਿੱਚ, ਕਾਂਗਰਸੀ ਆਗੂ ਪ੍ਰਗਟ ਸਿੰਘ ਵਿਰੁੱਧ ਪ੍ਰਦਰਸ਼ਨ ਕੀਤਾ ਗਏ। ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭੁਲੱਥ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ 'X' 'ਤੇ ਲਿਖਿਆ "ਜਿਹੜੇ ਆਗੂ ਮਾਮੂਲੀ ਸਿਆਸੀ ਫਾਇਦੇ ਲਈ ਫਰਜ਼ੀ ਵੀਡੀਓ ਚਲਾਉਂਦੇ ਹਨ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਤੋਂ ਨਹੀਂ ਝਿਜਕਦੇ, ਉਹ ਸਲਾਖਾਂ ਦੇ ਪਿੱਛੇ ਹੋਣ ਦੇ ਹੱਕਦਾਰ ਹਨ। ਉਨ੍ਹਾਂ ਆਗੂਆਂ ਵਿਰੁੱਧ ਜਨਤਾ ਦਾ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ, ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਦੀ ਵੀਡੀਓ ਨੂੰ ਜਾਣਬੁੱਝ ਕੇ ਐਡਿਟ (ਛੇੜਛਾੜ) ਕੀਤਾ ਅਤੇ ਉਸ ਨੂੰ ਬਦਨਾਮ ਕਰਨ ਲਈ ਜ਼ਬਰਦਸਤੀ ਗੁਰੂ ਸਾਹਿਬਾਨ ਦੇ ਹਵਾਲੇ ਪਾ ਦਿੱਤੇ।"
ਉਨ੍ਹਾਂ ਅੱਗੇ ਕਿਹਾ ਕਿ "ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੱਕ, ਅਤੇ ਪਰਗਟ ਸਿੰਘ ਤੋਂ ਲੈ ਕੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਤੱਕ, ਇਨ੍ਹਾਂ ਸਾਰਿਆਂ ਨੇ ਉਸ ਅਪਮਾਨਜਨਕ ਵੀਡੀਓ ਨੂੰ ਅੱਗੇ ਵਧਾਇਆ ਜਿਸ ਵਿੱਚ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਸੀ। ਇਹ ਵੀਡੀਓ ਅਸਲ ਵਿੱਚ ਦਿੱਲੀ ਦੇ ਇੱਕ ਭਾਜਪਾ ਮੰਤਰੀ ਵੱਲੋਂ ਪੋਸਟ ਕੀਤੀ ਗਈ ਸੀ। ਹੁਣ ਜਦੋਂ ਸੱਚ ਸਾਹਮਣੇ ਆ ਗਿਆ ਹੈ, ਤਾਂ ਝੂਠ ਫੈਲਾਉਣ ਅਤੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਵਾਲੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।"
ਜਲੰਧਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ 'ਆਪ' ਮੰਤਰੀ ਮੋਹਿੰਦਰ ਭਗਤ ਨੇ ਵਿਰੋਧੀ ਪਾਰਟੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਉਹ ਛੇੜਛਾੜ ਵਾਲੀਆਂ ਵੀਡੀਓਜ਼ ਰਾਹੀਂ ਝੂਠ ਫੈਲਾਉਣ ਦਾ ਸਹਾਰਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੰਮ ਅਤੇ ਵਿਕਾਸ ਦੇ ਆਧਾਰ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸੇ ਲਈ ਉਹ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ, ਲੋਕਾਂ ਨੂੰ ਗੁੰਮਰਾਹ ਕਰਨ ਲਈ 'ਆਪ' ਨੇਤਾ ਆਤਿਸ਼ੀ ਦੇ ਫਰਜੀ ਵੀਡੀਓ ਨੂੰ ਜਾਣਬੁੱਝ ਕੇ ਵਾਈਰਲ ਕਰਕੇ ਇੱਕ ਨਵੇਂ ਨੀਵੇਂ ਪੱਧਰ 'ਤੇ ਡਿੱਗ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਸੁਖਪਾਲ ਸਿੰਘ ਖਹਿਰਾ, ਪ੍ਰਗਟ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਅਸ਼ਵਨੀ ਸ਼ਰਮਾ, ਸਾਰਿਆਂ ਨੇ ਐਡਿਟ ਕੀਤੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀ ਕੀਤੀ ਹੈ, ਜੋ ਗਲਤ ਜਾਣਕਾਰੀ ਫੈਲਾਉਣ ਦੀ ਇੱਕ ਸਾਂਝੀ ਸਾਜ਼ਿਸ਼ ਨੂੰ ਬੇਨਕਾਬ ਕਰਦੀ ਹੈ।
ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਸਿਆਸੀ ਲਾਹੇ ਲਈ ਧਰਮ ਅਤੇ ਜਾਤ ਦੀ ਵਰਤੋਂ ਕਰਨ ਦਾ ਪੁਰਾਣਾ ਇਤਿਹਾਸ ਰਿਹਾ ਹੈ। ਪਾਰਟੀ ਨੇ ਕਿਹਾ ਕਿ ਉਨ੍ਹਾਂ ਨੇ ਸੱਤਾ ਦੀ ਭੁੱਖ ਵਿੱਚ ਨਾ ਧਰਮ ਛੱਡਿਆ, ਨਾ ਜਾਤ ਅਤੇ ਨਾ ਹੀ ਸਾਡੇ ਸਤਿਕਾਰਯੋਗ ਗੁਰੂਆਂ ਨੂੰ। ਇੱਕ ਵਾਰ ਫਿਰ ਉਹ ਸਿਆਸੀ ਲਾਭ ਲੈਣ ਲਈ ਉਹੀ ਵੰਡ ਪਾਉਣ ਵਾਲੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।
‘ਆਪ’ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਭਾਵਨਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਤੌਹੀਨ ਜਾਂ ਮਨਘੜਤ ਸਮੱਗਰੀ ਰਾਹੀਂ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਨੇ ਫਰਜ਼ੀ ਵੀਡੀਓ ਬਣਾਉਣ ਅਤੇ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਸੱਚਾਈ, ਵਿਕਾਸ ਅਤੇ ਸਾਰੇ ਭਾਈਚਾਰਿਆਂ ਦੇ ਸਤਿਕਾਰ 'ਤੇ ਅਧਾਰਤ ਰਾਜਨੀਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।