ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਤੀ ਗਈ ਇੱਕ ਟਿੱਪਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਅਤੇ ਫ਼ਰਜ਼ੀ ਵੀਡੀਓ ਬਣਾ ਕੇ ਜੋ ਜ਼ਹਿਰੀਲਾ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ, ਭਾਜਪਾ ਨੂੰ ਉਸ ਤੋਂ ਬਾਜ਼ ਆਉਣਾ ਚਾਹੀਦਾ ਹੈ। ਪੰਨੂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਵਰਗੇ ਧਰਮ-ਨਿਰਪੱਖ ਅਤੇ ਸਾਂਝੀ ਵਿਰਾਸਤ ਵਾਲੇ ਸੂਬੇ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਧਰਮ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ, ਨਾ ਕਿ ਸਿਆਸੀ ਸਵਾਰਥਾਂ ਨਾਲ। ਇੱਥੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਪਹਿਲਾਂ ਕਦੇ ਸਫ਼ਲ ਹੋਈ ਹੈ ਅਤੇ ਨਾ ਹੀ ਅੱਗੇ ਹੋਵੇਗੀ। ਭਾਜਪਾ ਨੇ ਹਿੰਦੀ ਬੈਲਟ ਦੇ ਕਈ ਸੂਬਿਆਂ ਵਿੱਚ ਜੋ ਰੁਝਾਨ ਅਪਣਾਇਆ ਹੈ—ਸਮਾਜ ਨੂੰ ਧਰਮ ਦੇ ਆਧਾਰ 'ਤੇ ਵੰਡਣਾ, ਡਰ ਅਤੇ ਸ਼ੱਕ ਦਾ ਮਾਹੌਲ ਪੈਦਾ ਕਰਨਾ—ਪੰਜਾਬ ਉਸ ਰਾਜਨੀਤੀ ਨੂੰ ਸਾਫ਼ ਤੌਰ 'ਤੇ ਨਕਾਰਦਾ ਹੈ। ਪੰਜਾਬ ਦੀ ਸਿਆਸਤ ਸਾਂਝੀ ਸੱਭਿਆਚਾਰਕ ਵਿਰਾਸਤ, ਆਪਸੀ ਸਤਿਕਾਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਅਧਾਰਿਤ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਗੱਲ ਕਰਦਿਆਂ ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਕਿਸੇ ਤੋਂ ਛੁਪੀ ਨਹੀਂ ਹੈ। ਉਹ ਸਿਰਫ਼ ਇੱਕ ਸਿਆਸਤਦਾਨ ਨਹੀਂ, ਸਗੋਂ ਇੱਕ ਸੰਵੇਦਨਸ਼ੀਲ ਕਲਾਕਾਰ ਅਤੇ ਸਮਾਜਿਕ ਚੇਤਨਾ ਨਾਲ ਜੁੜੇ ਹੋਏ ਵਿਅਕਤੀ ਹਨ। ਉਨ੍ਹਾਂ ਖ਼ਿਲਾਫ਼ ਧਾਰਮਿਕ ਮੰਦਭਾਵਨਾ ਫੈਲਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਦੀ ਏਕਤਾ ਨੂੰ ਹੋਰ ਮਜ਼ਬੂਤ ਹੀ ਕਰਨਗੀਆਂ। ਇਸੇ ਤਰ੍ਹਾਂ, ਆਤਿਸ਼ੀ ਬਾਰੇ ਫ਼ਰਜ਼ੀ ਵੀਡੀਓ ਰਾਹੀਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਬਲਤੇਜ ਪੰਨੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਸਦਭਾਵਨਾ ਅਤੇ ਸਮਾਜਿਕ ਏਕਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜੋ ਵੀ ਤਾਕਤਾਂ ਇਸ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਨਗੀਆਂ, ਉਨ੍ਹਾਂ ਨੂੰ ਲੋਕਾਂ ਦੀ ਇਕਜੁੱਟਤਾ ਅਤੇ ਸੱਚਾਈ ਤੋਂ ਕਰਾਰਾ ਜਵਾਬ ਮਿਲੇਗਾ। ਪੰਜਾਬ ਨਫ਼ਰਤ ਦੀ ਨਹੀਂ, ਸਗੋਂ ਸਾਂਝੀਵਾਲਤਾ ਅਤੇ ਸਦਭਾਵਨਾ ਵਾਲੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ।