ਨਵੀਂ ਦਿੱਲੀ- ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗੁਪਤ ਰੂਪ ਵਿਚ ਐਸ.ਜੀ.ਪੀ.ਸੀ ਦੀ ਨਿਗਰਾਨੀ ਹੇਠ ਬਹੁਤ ਲੰਮਾਂ ਸਮਾਂ ਪਹਿਲੇ ਅਲੋਪ ਕੀਤੇ ਗਏ ਸਨ, ਉਸ ਸੰਬੰਧੀ ਸਮੁੱਚੇ ਸੰਸਾਰ ਵਿਚ ਬੈਠੇ ਹਰ ਸਿੱਖ ਦੇ ਮਨ-ਆਤਮਾ ਕੁਰਲਾ ਉੱਠੇ ਸਨ ਅਤੇ ਸਿੱਖ ਕੌਮ ਦੀ ਇਹ ਸੰਜ਼ੀਦਗੀ ਭਰੀ ਡੂੰਘੀ ਮੰਗ ਸੀ ਕਿ ਇਨ੍ਹਾਂ ਗੁੰਮਸੁਦਾ ਹੋਏ ਪਾਵਨ ਸਰੂਪਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਸਾਡੇ ਪਾਵਨ ਸਰੂਪ ਲੱਭੇ ਜਾਣ ਕਿ ਉਹ ਕਿਥੇ ਗਏ ਹਨ, ਕਿਸ ਰੂਪ ਹਨ, ਉਨ੍ਹਾਂ ਨੂੰ ਪੂਰਨ ਮਰਿਯਾਦਾ ਅਨੁਸਾਰ ਪਹੁੰਚਾਇਆ ਗਿਆ ਹੈ ਜਾਂ ਨਹੀ ਅਤੇ ਇਸ ਲਈ ਐਸ.ਜੀ.ਪੀ.ਸੀ ਦੇ ਕਿਹੜੇ-ਕਿਹੜੇ ਅਧਿਕਾਰੀ ਜਿੰਮੇਵਾਰ ਹਨ, ਉਨ੍ਹਾਂ ਵਿਰੁੱਧ ਪਹਿਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਗਜੈਕਟਿਵ ਕਮੇਟੀ ਵੱਲੋ ਖ਼ਾਲਸਾ ਪੰਥ ਦੀ ਮੰਗ ਅਨੁਸਾਰ ਪਹਿਲੋ ਹੀ ਬਣਦੀ ਕਾਰਵਾਈ ਕਰਨੀ ਬਣਦੀ ਸੀ । ਪਰ ਜਦੋ ਇਸ ਗੰਭੀਰ ਵਿਸੇ ਉਤੇ ਲੰਮੇ ਸਮੇ ਤੋ ਅਣਗਹਿਲੀ ਅਤੇ ਸਾਜਿਸਾਂ ਹੁੰਦੀਆ ਆ ਰਹੀਆ ਹਨ ਤਾਂ ਖ਼ਾਲਸਾ ਪੰਥ ਵਿਚ ਇਸ ਗੁੰਮਸੁਦਗੀ ਉਤੇ ਸੰਕੇ ਹੋਰ ਵੀ ਗਹਿਰੇ ਹੁੰਦੇ ਰਹੇ ਹਨ । ਜਦੋ ਐਸ.ਜੀ.ਪੀ.ਸੀ ਦੇ ਅਧਿਕਾਰੀਆ ਨੇ ਆਪਣੀ ਜਿੰਮੇਵਾਰੀ ਨੂੰ ਨਾ ਨਿਭਾਇਆ ਤਾਂ ਸ. ਬਲਦੇਵ ਸਿੰਘ ਵਡਾਲਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਐਕਟਿੰਗ ਪ੍ਰਧਾਨ ਸ. ਇਮਾਨ ਸਿੰਘ ਮਾਨ ਅਤੇ ਹੋਰ ਕਈ ਪੰਥਕ ਸਖਸ਼ੀਅਤਾਂ ਵੱਲੋ ਇਸ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਮਲ ਕੀਤੇ ਗਏ ਅਤੇ ਇਹ ਵਿਸਾ ਹਾਈਕੋਰਟ ਵਿਚ ਪਹੁੰਚਿਆ ਜਿਸਦੀ ਬਦੌਲਤ ਹਾਈਕੋਰਟ ਨੇ ਇਸ ਮਸਲੇ ਤੇ ਐਫ.ਆਈ.ਆਰ. ਦਰਜ ਕਰਨ ਅਤੇ ਅਗਲੇਰੇ ਕਾਨੂੰਨੀ ਅਮਲ ਕਰਨ ਦੇ ਹੁਕਮ ਕੀਤੇ । ਜਿਸਦੀ ਬਦੌਲਤ ਸਰਕਾਰ ਵੱਲੋ ਐਸ.ਆਈ.ਟੀ ਕਾਇਮ ਕਰਕੇ ਇਸਦੀ ਜਾਂਚ ਸੁਰੂ ਕਰਵਾਈ ਗਈ । ਪਰ ਜਦੋ ਇਹ ਜਾਂਚ ਨਤੀਜੇ ਵੱਲ ਜਾਣ ਲੱਗੀ ਤਾਂ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਧਾਨ ਵੱਲੋ ਐਸ.ਆਈ.ਟੀ ਨੂੰ ਤੇ ਸਰਕਾਰ ਨੂੰ ਸਹਿਯੋਗ ਕਰਨ ਤੋ ਨਾਂਹ ਕਰ ਦਿੱਤੀ । ਜਿਸ ਨਾਲ ਖ਼ਾਲਸਾ ਪੰਥ ਵਿਚ ਫਿਰ ਵੱਡਾ ਰੋਹ ਉੱਠ ਖੜਾ ਹੋਇਆ । ਇਸ ਸਮੁੱਚੀ ਸਥਿਤੀ ਨੂੰ ਸਮਝਦੇ ਹੋਏ ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇ. ਕੁਲਦੀਪ ਸਿੰਘ ਗੜਗੱਜ ਨੇ ਐਸ.ਜੀ.ਪੀ.ਸੀ ਨੂੰ ਇਸ ਜਾਂਚ ਵਿਚ ਸਹਿਯੋਗ ਕਰਨ ਦੇ ਲਿਖਤੀ ਹੁਕਮ ਕੀਤੇ ਹਨ, ਇਹ ਨਿਰਪੱਖਤਾ ਵਾਲਾ ਸਵਾਗਤਯੋਗ ਕਦਮ ਹੈ ਅਤੇ ਅਸੀ ਐਸ.ਜੀ.ਪੀ.ਸੀ ਨੂੰ ਇਹ ਗੁਜਾਰਿਸ ਕਰਨੀ ਚਾਹਵਾਂਗੇ ਕਿ ਇਸ ਵਿਚ ਹਰ ਤਰ੍ਹਾਂ ਸਹਿਯੋਗ ਕਰਦੇ ਹੋਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਵਿਚ ਯੋਗਦਾਨ ਪਾਇਆ ਜਾਵੇ ਅਤੇ ਜੋ ਵੀ ਵਿਅਕਤੀ ਕਿੰਨੇ ਵੀ ਵੱਡੇ ਤੋ ਵੱਡੇ ਅਹੁਦੇ ਤੇ ਕਿਉ ਨਾ ਬੈਠਾ ਹੋਵੇ, ਉਸ ਦੋਸ਼ੀ ਵਿਰੁੱਧ ਕਾਨੂੰਨੀ ਅਮਲ ਹਰ ਕੀਮਤ ਤੇ ਹੋਣਾ ਚਾਹੀਦਾ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਦੇ ਹੋਏ ਦੁੱਖਦਾਇਕ ਅਮਲ ਦੀ ਚੱਲ ਰਹੀ ਜਾਂਚ ਵਿਚ ਐਸ.ਜੀ.ਪੀ.ਸੀ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਦੀ ਗੱਲ ਕਰਦੇ ਹੋਏ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਐਸ.ਜੀ.ਪੀ.ਸੀ ਨੂੰ ਇਸ ਵਿਸੇ ਤੇ ਸਹੀ ਸਮੇ ਤੇ ਕੀਤੇ ਗਏ ਹੁਕਮ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ ।