ਪੰਜਾਬ

ਪੰਜਾਬ ਪੁਲਿਸ ਨੇ ਵਲਟੋਹਾ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਈ: ਦੋ ਸ਼ੂਟਰਾਂ ਸਮੇਤ ਸੱਤ ਗ੍ਰਿਫ਼ਤਾਰ

ਸੁਖਮਨਦੀਪ ਸਿੰਘ/ ਕੌਮੀ ਮਾਰਗ ਬਿਊਰੋ | January 12, 2026 06:46 PM

ਚੰਡੀਗੜ੍ਹ- ਵਲਟੋਹਾ ਦੇ ਸਾਬਕਾ ਸਰਪੰਚ ਝਰਮਲ ਸਿੰਘ ਦੇ ਕਤਲ ਦੀ ਗੁੱਥੀ ਨੂੰ ਮਹਿਜ਼ ਕੁਝ ਦਿਨਾਂ ਵਿੱਚ ਹੀ ਸੁਲਝਾਉਂਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪ੍ਰਭ ਦਾਸੂਵਾਲ ਗੈਂਗ ਨੂੰ ਕਰਾਰਾ ਝਟਕਾ ਦਿੰਦਿਆਂ ਗੈਂਗ ਦੇ ਦੋ ਸ਼ੂਟਰਾਂ ਸਮੇਤ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਸਰਗਰਮ ਅਪਰਾਧੀ ਨਰਕ ਵਿੱਚ ਵੀ ਨਹੀਂ ਲੁਕ ਸਕਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਪੁਲਿਸ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਦੇਸ਼ ਵਿੱਚ ਜਾਂ ਦੇਸ਼ ਤੋਂ ਬਾਹਰ ਕਿਸੇ ਵੀ ਕੋਨੇ ਵਿੱਚੋਂ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਵੇਗੀ।

ਪੁਲਿਸ ਜਾਂਚ ਮੁਤਾਬਕ ਇਸ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਪ੍ਰਭ ਦਾਸੂਵਾਲ ਹੈ ਜਿਸ ਨੇ ਪੁਰਾਣੀ ਦੁਸ਼ਮਣੀ ਦੇ ਚਲਦਿਆਂ ਯੋਜਨਾਬੱਧ ਅਤੇ ਟੀਚਾਗਤ ਢੰਗ ਨਾਲ ਇਸ ਕਤਲ ਨੂੰ ਅੰਜ਼ਾਮ ਦਿੱਤਾ। ਡੀਜੀਪੀ, ਜਿਨ੍ਹਾਂ ਦੇ ਨਾਲ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ, ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਮੌਜੂਦ ਸਨ, ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਿਲੀ ਜਲਦ ਸਫਲਤਾ ਸੰਗਠਿਤ ਅਪਰਾਧਾਂ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਪ੍ਰਤੀ ਪੰਜਾਬ ਪੁਲਿਸ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਗੂੰਗਾ (20) ਵਾਸੀ ਠੱਕਰਪੁਰਾ, ਤਰਨਤਾਰਨ; ਕਰਮਜੀਤ ਸਿੰਘ (23) ਵਾਸੀ ਪਿੰਡ ਪੱਸਨਾਵਾਲ, ਗੁਰਦਾਸਪੁਰ; ਜੋਬਨਪ੍ਰੀਤ ਸਿੰਘ (19) ਵਾਸੀ ਪਿੰਡ ਭਾਈ ਲੱਧੂ, ਤਰਨਤਾਰਨ; ਹਰਪ੍ਰੀਤ ਸਿੰਘ ਉਰਫ਼ ਹੈਪੀ (27) ਵਾਸੀ ਪਿੰਡ ਬਹਾਦਰ ਨਗਰ, ਤਰਨਤਾਰਨ; ਜੋਬਨਪ੍ਰੀਤ ਸਿੰਘ (20), ਕੁਲਵਿੰਦਰ ਸਿੰਘ ਉਰਫ਼ ਕਿੰਦਾ (20) ਅਤੇ ਅਰਮਾਨਦੀਪ ਸਿੰਘ (18) ਤਿੰਨੋਂ ਵਾਸੀ ਪਿੰਡ ਕਲਸੀਆਂ ਕਲਾਂ, ਤਰਨਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਖਰਾਜ ਸਿੰਘ ਉਰਫ਼ ਗੂੰਗਾ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਵਿਰੁੱਧ ਚੋਰੀ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹਨ ਅਤੇ ਉਹ ਸਰਪੰਚ ਰਾਜਵਿੰਦਰ ਸਿੰਘ ਉਰਫ਼ ਰਾਜ ਕਤਲ ਕੇਸ ਵਿੱਚ ਵੀ ਸ਼ਾਮਲ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ ਪ੍ਰਭ ਦਾਸੂਵਾਲ ਦੀ ਮ੍ਰਿਤਕ ਸਾਬਕਾ ਸਰਪੰਚ ਨਾਲ ਪੁਰਾਣੀ ਦੁਸ਼ਮਣੀ ਸੀ ਅਤੇ ਉਸ ਨੇ ਪਹਿਲਾਂ ਵੀ ਉਸ 'ਤੇ ਗੋਲੀਬਾਰੀ ਕੀਤੀ ਸੀ, ਜੋ ਸਪੱਸ਼ਟ ਤੌਰ 'ਤੇ ਯੋਜਨਾਬੱਧ ਅਤੇ ਚੰਗੀ ਤਰ੍ਹਾਂ ਰਚੀ ਗਈ ਸਾਜ਼ਿਸ਼ ਵੱਲ ਸੰਕੇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਇਆ ਗਿਆ ਅਤੇ ਇਸ ਕਤਲ ਦੀ ਜਾਂਚ ਲਈ ਕਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਕਨੀਕੀ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਨਾਲ ਕੀਤੀ ਜਾਂਚ ਸਦਕਾ ਪੁਲਿਸ ਟੀਮਾਂ ਨੇ ਅਪਰਾਧ ਵਿੱਚ ਸ਼ਾਮਲ ਦੋਵੇਂ ਸ਼ੂਟਰਾਂ ਸੁਖਰਾਜ ਸਿੰਘ ਉਰਫ਼ ਗੂੰਗਾ ਅਤੇ ਕਰਮਜੀਤ ਸਿੰਘ ਦੀ ਪਛਾਣ ਕੀਤੀ।

ਉਨ੍ਹਾਂ ਕਿਹਾ ਕਿ ਲਗਾਤਾਰ ਅੰਤਰ-ਰਾਜੀ ਤਾਲਮੇਲ, ਖੁਫੀਆ ਏਜੰਸੀ ਦੀ ਅਗਵਾਈ ਵਾਲੀ ਟ੍ਰੈਕਿੰਗ ਅਤੇ ਕੇਂਦਰੀ ਏਜੰਸੀਆਂ ਅਤੇ ਛੱਤੀਸਗੜ੍ਹ ਪੁਲਿਸ ਦੇ ਨਜ਼ਦੀਕੀ ਸਹਿਯੋਗ ਸਦਕਾ ਦੋਵਾਂ ਸ਼ੂਟਰਾਂ ਨੂੰ ਰਾਏਪੁਰ, ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਦੋਸ਼ੀ ਮਹਾਰਾਸ਼ਟਰ, ਦਿੱਲੀ, ਬਿਹਾਰ, ਪੰਜਾਬ ਅਤੇ ਛੱਤੀਸਗੜ੍ਹ ਸਮੇਤ ਕਈ ਰਾਜਾਂ ਵਿੱਚ ਜਾਣਬੁੱਝ ਕੇ ਟਿਕਾਣੇ ਬਦਲ ਰਹੇ ਸਨ ਅਤੇ ਆਪਣੀ ਪਛਾਣ ਛੁਪਾਉਣ ਅਤੇ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਕਰ ਰਹੇ ਸਨ।

ਡੀਜੀਪੀ ਨੇ ਦੱਸਿਆ ਕਿ ਇੱਕ ਹੋਰ ਪੁਲਿਸ ਟੀਮ ਨੇ ਐਸਐਸਓਸੀ ਮੋਹਾਲੀ ਦੀ ਮਦਦ ਨਾਲ ਦੋ ਹੋਰ ਮੁਲਜ਼ਮਾਂ (ਦੋਵਾਂ ਦਾ ਨਾਂ ਜੋਬਨਪ੍ਰੀਤ ਸਿੰਘ ਹੈ) ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਵਲਟੋਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਕੁਲਵਿੰਦਰ ਸਿੰਘ ਉਰਫ ਕਿੰਦਾ ਅਤੇ ਅਰਮਾਨਦੀਪ ਸਿੰਘ ਨੂੰ ਤਰਨਤਾਰਨ ਦੇ ਭਿੱਖੀਵਿੰਡ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਪੰਜਾਂ ਦੋਸ਼ੀਆਂ ਨੇ ਸ਼ੂਟਰਾਂ ਨੂੰ ਰਸਦ, ਪਨਾਹ, ਹਥਿਆਰ ਅਤੇ ਮੋਟਰਸਾਈਕਲ ਮੁਹੱਈਆ ਕਰਵਾ ਕੇ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀਬਾਰੀ ਕਰਨ ਵਾਲੇ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਮੁਲਜ਼ਮ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ 'ਤੇ ਸੁਤੰਤਰ ਤੌਰ 'ਤੇ ਕੰਮ ਕਰ ਰਹੇ ਸਨ।

ਅਪਰਾਧਾਂ 'ਤੇ ਵੱਡੀ ਕਾਰਵਾਈ ਦਾ ਜ਼ਿਕਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਦੀ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦੇਸ਼ਾਂ 'ਚ ਬੈਠੇ ਅਪਰਾਧੀਆਂ ਦੀ ਹਵਾਲਗੀ 'ਤੇ ਧਿਆਨ ਕੇਂਦਰਿਤ ਕਰਦਿਆਂ ਸੰਗਠਿਤ ਅਪਰਾਧਾਂ ਵਿਰੁੱਧ ਫੈਸਲਾਕੁੰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਡੀਜੀਪੀ ਗੌਰਵ ਯਾਦਵ ਨੇ ਸਰਹੱਦੀ ਸੂਬੇ ਵਿੱਚੋਂ ਸੰਗਠਿਤ ਅਪਰਾਧ ਦੇ ਖਾਤਮੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹਿੰਸਕ ਗਤੀਵਿਧੀਆਂ ਜਾਂ ਗੋਲੀਬਾਰੀ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਪੰਜਾਬ ਪੁਲਿਸ ਦੇਸ਼ ਵਿੱਚ ਜਾਂ ਦੇਸ਼ ਤੋਂ ਬਾਹਰ ਹਰ ਕੋਨੇ ਤੋਂ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਵੇਗੀ।

 

Have something to say? Post your comment

 
 
 
 

ਪੰਜਾਬ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦਾ ਚਾਰਟਿਡ ਅਕਾਉਟੈਂਟ ਕੋਹਲੀ ਅਤੇ ਸਹਾਇਕ ਸੁਪਰਵਾਈਜਰ ਕੰਵਲਜੀਤ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਨੂੰ ਆਹੁਦੇ ਤੋ ਕੀਤਾ ਜਾਵੇ ਫਾਰਗ,ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਮੰਗ

ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਸਥਿਤੀ ਵਿਚ ਪੁੱਜੀ-ਸੁਨੀਲ ਜਾਖੜ

ਸ਼੍ਰੋਮਣੀ ਕਮੇਟੀ ਪ੍ਰਧਾਨ ਕੇਵਲ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਸਰਕਾਰ ਨੂੰ ਬਣਦਾ ਸਹਿਯੋਗ ਕਰਨ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਖੁਖਰੈਣ ਸਭਾ ਚੰਡੀਗੜ੍ਹ ਨੇ ਲੋਹੜੀ ਬੜੀ ਸ਼ਾਨੋ-ਸ਼ੌਕਤ ਨਾਲ ਮਨਾਈ

ਪੰਜਾਬ ਦਾ ਭਵਿੱਖ ਨੌਕਰੀਆਂ ਦੀ ਭਾਲ ਵਿੱਚ ਨਹੀਂ, ਉੱਦਮਤਾ ਅਪਣਾਉਣ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੈਂਗਸਟਰ ਅਤੇ ਸ਼ੂਟਰ ਭਾਰਤ ਵਿੱਚ ਕਿਤੇ ਵੀ ਨਹੀਂ ਲੁਕ ਸਕਦੇ, ਪੰਜਾਬ ਪੁਲਿਸ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ: ਬਲਤੇਜ ਪੰਨੂ

ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਡਿਕਟੇਟਰਸ਼ਿਪ ਵੱਲ ਧੱਕ ਰਹੀ ਹੈ : ਹਰਚੰਦ ਸਿੰਘ ਬਰਸਟ

ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ

ਨਿਊਜ਼ੀਲੈਂਡ ਸਰਕਾਰ ਨਗਰ ਕੀਰਤਨ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ: ਬਾਬਾ ਬਲਬੀਰ ਸਿੰਘ