ਨਵੀਂ ਦਿੱਲੀ - ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਫਤਹਿ ਨਗਰ ਜੇਲ੍ਹ ਰੋੜ ਵਿਖ਼ੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਬਣੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਵਿਖ਼ੇ ਬੀਤੇ ਦਿਨ ਤੋਂ ਨਿਤਨੇਮ ਦੀ ਸੰਥਿਆ ਸ਼ੁਰੂ ਹੋ ਗਈ ਹੈ ਤੇ ਨਿਤਨੇਮ ਦੀ ਸੰਥਿਆ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਆਰੰਭ ਕਰ ਦਿੱਤੀ ਜਾਏਗੀ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ, ਭਾਈ ਅਮਨਦੀਪ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਿਖੇ 15 ਜਨਵਰੀ 2026 ਤੋਂ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਅਰਥਾਂ ਸਮੇਤ ਸ਼ੁਰੂ ਕੀਤੇ ਗਏ ਹਨ, ਇਹ ਪਾਠ ਸੰਗਤੀ ਰੂਪ ਵਿੱਚ ਰੋਜ਼ਾਨਾ ਸ਼ਾਮ 4 ਵਜੇ ਤੋਂ 5 ਵਜੇ ਤੱਕ ਹੋਇਆ ਕਰੇਗਾ ਅਤੇ ਸੰਗਤਾਂ ਨੂੰ ਇਸ ਵਿਚ ਗੁਰਬਾਣੀ ਸ਼ੁੱਧ ਉਚਾਰਨ (ਸੰਥਿਆ) ਦੇ ਨਾਲ ਨਾਲ ਅਰਥ ਵੀ ਸਮਝਾਏ ਜਾਣਗੇ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਖ਼ੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅੰਨਿਨ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਹਿਜ ਪਾਠ ਦੀ ਲੜੀ ਚਲਾਈ ਗਈ ਸੀ ਜਿਸ ਵਿਚ ਵਡੀ ਗਿਣਤੀ ਅੰਦਰ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ ਤੇ ਹੁਣ ਵੀ ਵਡੀ ਗਿਣਤੀ ਵਿਚ ਨਿਤਨੇਮ ਦੀ ਸੰਥਿਆ ਅਤੇ ਗੁਰਬਾਣੀ ਨੂੰ ਸ਼ੁੱਧ ਉਚਾਰਨ ਦੀ ਸਿੱਖੀਆ ਲਈ ਗੁਰਦੁਆਰਾ ਸਾਹਿਬ ਵਿਖ਼ੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਇਸ ਮੌਕੇ ਗ੍ਰੰਥੀ ਸਿੰਘ ਭਾਈ ਇਕਬਾਲ ਸਿੰਘ ਅਤੇ ਭਾਈ ਜਗਦੇਵ ਸਿੰਘ ਨੇ ਦਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 25 ਜਨਵਰੀ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿਖ਼ੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਹਨ ਜਿਹੜੀਆਂ ਸੰਗਤਾਂ ਹਾਲੇ ਤਕ ਗੁਰੂ ਵਾਲੀ ਨਹੀਂ ਬਣੀਆਂ ਹਨ ਓਹ ਇਸ ਮੌਕੇ ਅੰਮ੍ਰਿਤ ਸੰਚਾਰ ਵਿਚ ਹਾਜ਼ਰੀ ਭਰ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਣ । ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਇਸ ਸੰਥਿਆ ਕਲਾਸ ਵਿੱਚ ਵੱਧ ਤੋਂ ਵੱਧ ਹਾਜ਼ਿਰੀ ਵਿਚ ਪਹੁੰਚ ਕੇ ਗੁਰਬਾਣੀ ਨੂੰ ਸ਼ੁੱਧ ਉਚਾਰਣ ਕਰਣ ਅਤੇ ਉਨ੍ਹਾਂ ਦੇ ਅਰਥਾਂ ਨੂੰ ਸਮਝਣ ਦੀ ਅਪੀਲ ਕੀਤੀ ਗਈ । ਇਥੇ ਦਸਣਯੋਗ ਹੈ ਕਿ ਨਿਤਨੇਮ ਸੰਥਿਆ ਦੀ ਆਰੰਭਤਾ ਦੀ ਅਰਦਾਸ ਗ੍ਰੰਥੀ ਸਿੰਘ ਭਾਈ ਅਮਨਦੀਪ ਸਿੰਘ ਵਲੋਂ ਕੀਤੀ ਗਈ ਉਪਰੰਤ ਭਾਈ ਇਕਬਾਲ ਸਿੰਘ ਵਲੋਂ ਜਪੁਜੀ ਸਾਹਿਬ ਦੀ ਸੰਥਿਆ ਸ਼ੁਰੂ ਕੀਤੀ ਗਈ ਜਿਸ ਨੂੰ ਅੱਗੇ ਸਮੂਹ ਗ੍ਰੰਥੀ ਸਿੰਘ ਮਿਲਕੇ ਆਪਣੀ ਵਾਰੀ ਮੁਤਾਬਿਕ ਚਲਦਾ ਰੱਖਣਗੇ ਅਤੇ ਇਹ ਸਾਰਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਸਹਿਯੋਗ ਰਾਹੀਂ ਕਰਵਾਇਆ ਜਾ ਰਿਹਾ ਹੈ ।