ਨਵੀਂ ਦਿੱਲੀ- ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੂਰਬੀ ਭਾਰਤ ਦੇ ਪ੍ਰਧਾਨ ਸੂਰਜ ਸਿੰਘ ਨਲਵਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਬਿਹਾਰ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਬਿਹਾਰ ਵਿੱਚ ਆਨੰਦ ਮੈਰਿਜ ਐਕਟ ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਕਮੇਟੀ ਦੀ ਪੂਰੀ ਟੀਮ ਇਸ ਲਈ ਲਗਾਤਾਰ ਸੰਘਰਸ਼ ਕਰ ਰਹੀ ਸੀ ਅਤੇ ਅੱਜ ਸਾਨੂੰ ਖੁਸ਼ੀ ਹੈ ਕਿ ਸਾਡੀ ਮਹਿਨਤ ਰੰਗ ਲਿਆਈ ਹੈ। ਇਸ ਨਾਲ ਹੁਣ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਹੋ ਸਕਣਗੇ । ਸ: ਸੂਰਜ ਸਿੰਘ ਨਲਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਦੇ 7 ਰਾਜਾਂ ਵਿੱਚ ਇਹ ਕਾਨੂੰਨ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਅਤੇ ਹੁਣ ਬਿਹਾਰ ਦੇਸ਼ ਦਾ ਅੱਠਵਾਂ ਰਾਜ ਬਣ ਗਿਆ ਹੈ ਜਿੱਥੇ ਆਨੰਦ ਮੈਰਿਜ ਐਕਟ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਖਾਂ ਦੇ ਅਨੰਦਕਾਰਜ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਅਧੀਨ ਹੀ ਹੁੰਦੀ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਅਤੇ ਮਾਣ ਵੀ ਹੈ ਕਿ ਮਾਣਯੋਗ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।