ਨਵੀਂ ਦਿੱਲੀ - ਆਰਐਸਐਸ ਕਾਰਕੁਨ੍ਹਾਂ ਦੇ ਹੋਏ ਲੜੀਵਾਰ ਕਤਲ ਮਾਮਲੇ ਵਿਚ ਨਾਮਜਦ ਕੀਤੇ ਗਏ ਜਗਤਾਰ ਸਿੰਘ ਜੋਹਲ (ਯੂਕੇ ਨਿਵਾਸੀ), ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਵਿਖ਼ੇ ਐਨਆਈਏ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ । ਇਸ ਬਾਰੇ ਸਿੰਘਾਂ ਵਲੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਦਾਲਤ ਅੰਦਰ ਚਲੇ ਮਾਮਲੇ ਵਿਚ ਭਾਈ ਸ਼ੇਰੇ ਵਿਰੁੱਧ ਪੁਲਿਸ ਵਲੋਂ ਸੀਸੀਟੀਵੀ ਦੀ ਸੀਡੀ ਨੂੰ ਅਦਾਲਤ ਅੰਦਰ ਪੇਸ਼ ਕਰਣ ਨਾਲ ਇਕ ਗਵਾਹ ਦੀ ਗਵਾਹੀ ਹੋਈ ਹੈ । ਉਨ੍ਹਾਂ ਦਸਿਆ ਕਿ ਅਦਾਲਤ ਅੰਦਰ ਚਲ ਰਹੇ 8 ਮਾਮਲਿਆਂ ਵਿੱਚ 1 ਸਰਕਾਰੀ ਗਵਾਹ ਜੋ ਕਿ ਅਦਾਲਤ ਅੰਦਰ ਪੇਸ਼ ਹੋਇਆ ਸੀ ਅਤੇ ਭਾਈ ਹਰਦੀਪ ਸਿੰਘ ਸ਼ੇਰੇ ਨਾਲ ਸੰਬੰਧਿਤ ਸੀ, ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਅਤੇ 1 ਗਵਾਹ ਅਦਾਲਤ ਅੰਦਰ ਹਾਜ਼ਰ ਨਹੀਂ ਹੋਇਆ ਸੀ । ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਅਤੇ 6 ਫਰਵਰੀ ਮੁਕਰਰ ਕਰ ਦਿੱਤੀ ਗਈ । ਇਥੇ ਦਸਣਯੋਗ ਹੈ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕੇਸ ਦੇ ਦੋਸ਼ੀ ਸ਼੍ਰੀਕਾਂਤ ਪੰਗਾਰਕਰ ਨੇ ਬੀਤੇ ਦਿਨੀਂ ਮਹਾਰਾਸ਼ਟਰ ਨਗਰ ਨਿਗਮ ਦੀਆਂ ਚੋਣਾਂ ਜਿੱਤੀਆਂ ਹਨ ਜਦਕਿ ਪੰਗਾਰਕਰ ਨੂੰ ਗੋਲਾ ਬਾਰੂਦ, ਕੱਚੇ ਬੰਬਾਂ ਦੀ ਤਸਕਰੀ ਅਤੇ ਜਾਸੂਸੀ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ । ਲਗਭਗ ਛੇ ਸਾਲਾਂ ਤੋਂ ਇਹ ਜੇਲ੍ਹ ਵਿੱਚ ਬੰਦ ਸੀ ਅਤੇ ਮੁਕੱਦਮਾ ਪੂਰਾ ਹੋਣ ਦੀ ਸੰਭਾਵਨਾ ਨਹੀਂ ਦਸਦਿਆਂ ਇਸਨੂੰ ਜਮਾਨਤ ਦੇ ਦਿੱਤੀ ਗਈ । ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੋਹਲ ਦੀ ਓਸ ਨੇ ਨਾ ਕੌਈ ਕਤਲ ਕੀਤਾ ਨਾ ਕੌਈ ਜਾਸੂਸੀ ਕੀਤੀ ਸਿਰਫ ਇਕ ਵੈਬ ਸਾਈਟ ਚਲਾ ਕੇ ਸਿੱਖਾਂ ਦੇ ਕਤਲਾਂ ਨੂੰ ਉਜਾਗਰ ਕੀਤਾ ਅਤੇ ਹਿੰਦੁਸਤਾਨ ਵਿਚ 7-8 ਹਜਾਰ ਰੁਪਏ ਨਾਲ ਕਿਸੇ ਦੀ ਮਦਦ ਕੀਤੀ ਸੀ ਤੇ ਇਸ ਬਿਨਾਂ ਤੇ ਓਸਨੂੰ ਜਦੋ ਓਹ ਹਿੰਦੁਸਤਾਨ ਵਿਚ ਵਿਆਹ ਕਰਵਾਉਣ ਆਇਆ ਵਿਆਹ ਤੋਂ ਦੂਜੇ ਦਿਨ ਡੱਕ ਦਿੱਤਾ ਤੇ ਹੁਣ ਓਸ ਨੂੰ 2999 ਦਿਨ ਹੋ ਗਏ ਹਨ ਅਤੇ ਅੱਜ ਅਦਾਲਤ ਅੰਦਰ ਓਸਦੀ 53 ਵੀ ਟ੍ਰਾਇਲ ਪੇਸ਼ੀ ਸੀ ।