ਨਵੀਂ ਦਿੱਲੀ -- ਗੁਰਦੁਆਰਾ ਸਾਹਿਬ ਲਾਂਗਨਥਾਲ, ਸਵਿਟਜ਼ਰਲੈਂਡ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਅਤੇ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਰੱਖੇ ਜਾਣ ਦੀ 25ਵੀਂ ਵਰ੍ਹੇਗੰਢ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਇਸ ਮਹਾਨ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸਵਿਟਜ਼ਰਲੈਂਡ ਦੇ ਮਾਣਯੋਗ ਅਹੁਦੇਦਾਰਾਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਭਾਈਚਾਰਿਆਂ ਦੇ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ, ਜੋ ਆਪਸੀ ਭਾਈਚਾਰੇ, ਸਾਂਝ ਅਤੇ ਧਾਰਮਿਕ ਸਹਿਯੋਗ ਦਾ ਸੁੰਦਰ ਪ੍ਰਤੀਕ ਸੀ। ਸਮਾਗਮ ਦੀ ਸ਼ੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਇਸ ਉਪਰੰਤ ਨੌਜਵਾਨ ਸਿੱਖ ਬੱਚਿਆਂ, ਬੱਚੀਆਂ ਅਤੇ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ, ਜਿਸ ਨਾਲ ਸੰਗਤ ਆਤਮਿਕ ਰਸ ਨਾਲ ਨਿਹਾਲ ਹੋ ਗਈ। ਕੀਰਤਨ ਤੋਂ ਬਾਅਦ ਭਾਈ ਕਰਨ ਸਿੰਘ ਜੀ ਨੇ ਸੰਗਤ ਨੂੰ ਪ੍ਰਕਾਸ਼ ਉਤਸਵ ਅਤੇ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਉਪਰੰਤ ਨੌਜਵਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੱਕ ਦੀ ਪੂਰੀ ਇਤਿਹਾਸਕ ਯਾਤਰਾ ਕਵਿਤਾਵਾਂ ਅਤੇ ਬਿਆਨਾਂ ਰਾਹੀਂ ਦਰਸਾਈ। ਉਨ੍ਹਾਂ ਨੇ ਦਰਸਾਇਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਲਈ ਪ੍ਰੇਰਿਤ ਕੀਤਾ ਅਤੇ ਸਾਨੂੰ ਸਦਾ ਮਨੁੱਖੀ ਅਧਿਕਾਰਾਂ, ਇਨਸਾਫ਼ ਅਤੇ ਸੱਚ ਲਈ ਖੜ੍ਹੇ ਰਹਿਣ ਦਾ ਉਪਦੇਸ਼ ਦਿੱਤਾ। ਇਸ ਉਪਰੰਤ ਸਮਾਗਮ ਵਿੱਚ ਬੋਲਣ ਵਾਲਿਆਂ ਵਿੱਚ ਮਿਸਟਰ ਇਜਾਜ਼ ਅਹਿਮਦ (ਜਮਾਤ-ਏ-ਇਸਲਾਮੀ), ਮਿਸਟਰ ਸਟੈਟਲਰ, ਮਿਸਟਰ ਲਾਮਾ, ਮਿਸਟਰ ਨਿਕੋਲਸ (ਜਿਨ੍ਹਾਂ ਨੇ ਸਿੱਖ ਧਰਮ ਅਪਣਾਇਆ ਹੈ), ਮਿਸਟਰ ਮੁਲਰ (ਲਾਂਗਨਥਾਲ ਦੇ ਮੇਅਰ ਅਤੇ ਆਉਣ ਵਾਲੇ ਸਮੇਂ ਦੇ ਮੰਤਰੀ), ਭਾਈ ਦਬਿੰਦਰਜੀਤ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਭਾਈ ਚਮਕੌਰ ਸਿੰਘ (ਖਾਲਸਾ ਏਡ) ਅਤੇ ਭਾਈ ਰਮੇਸ਼ ਸਿੰਘ (ਮੰਤਰੀ ਧਾਰਮਿਕ ਮਾਮਲੇ, ਪੰਜਾਬ ਪਾਕਿਸਤਾਨ) ਸ਼ਾਮਲ ਸਨ। ਸਾਰੇ ਵਕਤਾਵਾਂ ਨੇ ਅਮਨ, ਭਾਈਚਾਰੇ, ਧਾਰਮਿਕ ਸਹਿਯੋਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਅੰਤ ਵਿੱਚ ਭਾਈ ਹਰਮਿੰਦਰ ਸਿੰਘ ਖਾਲਸਾ ਜੀ ਨੇ ਮਿਸਟਰ ਮੁਲਰ ਦੀਆਂ ਸਿੱਖ ਕੌਮ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ । ਭਾਈ ਹਰਮਿੰਦਰ ਸਿੰਘ ਖਾਲਸਾ ਜੀ ਨੇ ਦੱਸਿਆ ਮਿਸਟਰ ਮੁਲਰ ਜੀ ਨੇ ਹਮੇਸ਼ਾ ਸਿੱਖ ਭਾਈਚਾਰੇ ਦਾ ਸਾਥ ਦਿੱਤਾ ਅਤੇ ਅਮਨ ਤੇ ਸਾਂਝ ਲਈ ਖੜ੍ਹੇ ਰਹੇ। ਇਸ ਮੌਕੇ ਉਨ੍ਹਾਂ ਨੂੰ ਅਮਨ ਅਤੇ ਸਾਂਝ ਲਈ ਸੋਨੇ ਦਾ ਤਮਗਾ ਭਾਈ ਰਣਜੀਤ ਸਿੰਘ ਜੀ ਅਤੇ ਸਰਦਾਰ ਰਮੇਸ਼ ਸਿੰਘ ਵੱਲੋਂ ਭੇਟ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਭਾਈ ਹਰਮਿੰਦਰ ਸਿੰਘ ਖਾਲਸਾ ਜੀ ਨੇ ਸਿੱਖ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਅਤੇ ਗੁਰਦੁਆਰਾ ਸਾਹਿਬ ਦੀ 25ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ, ਗੁਰੂ ਸਾਹਿਬਾਨਾਂ ਵਲੋ ਚਲਾਇਆ ਗਿਆ ਲੰਗਰ ਬਰਾਬਰੀ, ਸੇਵਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ।