ਲੁਧਿਆਣਾ- ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਇੱਥੇ ਨਿਰਵਾਣਾ ਹੋਟਲ ਵਿਖੇ ਆਯੋਜਿਤ 'ਸਰਕਾਰ-ਏ-ਖਾਲਸਾ ਐਵਾਰਡਜ਼ 2026' ਨਮਿਤ ਯਾਦਗਾਰੀ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ ਰੂਹਾਨੀ ਮਹਿਮਾਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਮਹਿਮਾਨ ਅਤੇ ਅਤੇ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮਾਗਮ ਦੌਰਾਨ ਵਿਸ਼ਵ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ‘ਸਰਕਾਰ ਏ ਖ਼ਾਲਸਾ’ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਸ. ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਅਤੇ ਚੇਅਰਮੈਨ ਰੱਖਿਆ ਕਮੇਟੀ ਯੂਕੇ ਨੂੰ ਵਿਸ਼ਵ ਭਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ, ਵਿਸ਼ਵ ਵਿੱਚ ਪੰਜਾਬੀਆਂ ਦਾ ਨਾਮ ਉੱਚਾ ਕਰਨ ਅਤੇ ਪੰਜਾਬ ਵਿੱਚ ਪਿਛਲੇ ਸਾਲ ਆਏ ਹੜ੍ਹਾ ਦੌਰਾਨ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਢੇਸੀ ਪਰਿਵਾਰ ਵੱਲੋਂ ਕੀਤੀਆਂ ਵੱਡੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਤਨਮਨਜੀਤ ਸਿੰਘ ਦੀ ਤਰਫੋਂ ਉਨ੍ਹਾਂ ਦੇ ਪਿਤਾ ਸ. ਜਸਪਾਲ ਸਿੰਘ ਢੇਸੀ ਅਤੇ ਸ. ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਇਹ ਸਨਮਾਨ ਪ੍ਰਾਪਤ ਕੀਤਾ।
ਉਨ੍ਹਾਂ ਤੋਂ ਇਲਾਵਾ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ, ਸ. ਸੁਖਦੇਵ ਸਿੰਘ ਫਗਵਾੜਾ, ਡਾਇਰੈਕਟਰ, ਸਿੱਖਜ ਫਾਰ ਇਕੁਐਲਿਟੀ ਫਾਊਂਡੇਸ਼ਨ, ਬਾਬਾ ਜਗਜੀਤ ਸਿੰਘ ਬੜੂ ਸਾਹਿਬ, ਲੈਫਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ (ਸੇਵਾ ਮੁਕਤ), ਮਿਸਿਜ਼ ਬੈਕਟਰ (ਬੈਕਟਰ ਫੂਡਜ), ਸਚਿਤ ਜੈਨ, ਵਰਧਮਾਨ ਗਰੁੱਪ, ਪਹਿਲਵਾਨ ਜੱਸਾ ਪੱਟੀ, ਸ. ਦਿਲਜੀਤ ਸਿੰਘ ਨਿਊਜੀਲੈਂਡ, ਰਾਣੀ ਪ੍ਰੀਤੀ ਸਿੰਘ, ਜੀਵਨ ਸਿੰਘ ਤਮਿਲ ਯੂਨਾਈਟਿਡ ਸਿੱਖਜ, ਯੁਨਾਈਟਿਡ ਸਿੱਖਜ, ਐਸ.ਏ.ਐਫ. ਇੰਟਰਨੈਸ਼ਨਲ, ਅਤੇ ਗਲੋਬਲ ਸਿੱਖ ਵਰਗੀਆਂ ਨਾਮੀ ਸੰਸਥਾਵਾਂ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਪ੍ਰਮੁੱਖ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ਵਿੱਚ ਏਕਤਾ ਵਧਾਉਣ ਤੋਂ ਇਲਾਵਾ ਸੇਵਾ-ਭਾਵਨਾ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।