ਨਵੀਂ ਦਿੱਲੀ- ਪੰਥਕ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਚ ਪ੍ਰਧਾਨੀ ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ 26 ਜਨਵਰੀ 2026 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣ ਦਾ ਫੈਸਲਾ ਕੀਤਾ ਹੈ। ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਬਿਆਨ ਚ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਇਹ ਸਾਰੀਆਂ ਜਥੇਬੰਦੀਆਂ ਗੋਲਡਨ ਟੈਂਪਲ ਪਲਾਜ਼ਾ ਵਿਖੇ ਇਕੱਤਰ ਹੋ ਕੇ ਸੰਗਤ ਨੂੰ ਸੰਬੋਧਨ ਕਰਨਗੀਆਂ, ਜਿਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਇਸ ਸਮਾਗਮ ਦਾ ਮੁੱਖ ਉਦੇਸ਼ ਖਾਲਿਸਤਾਨ ਦੇ ਸੰਘਰਸ਼ ਲਈ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਪੰਥਕ ਸ਼ਕਤੀ ਨੂੰ ਮੁੜ ਜਥੇਬੰਦ ਕਰਨਾ ਹੈ। ਉਹਨਾਂ ਕਿਹਾ ਕਿ ਇਹ ਬੈਠਕ 1986 ਵਿੱਚ ਦਮਦਮੀ ਟਕਸਾਲ ਵੱਲੋਂ ਬੁਲਾਏ ਗਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਤਰਜ਼ 'ਤੇ ਹੋਵੇਗੀ। ਉਨ੍ਹਾਂ ਸਮੂਹ ਸਿੱਖ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇੱਕਜੁੱਟ ਹੋਣ। ਇਸ ਮੌਕੇ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 328 ਲਾਪਤਾ ਪਾਵਨ ਸਰੂਪਾਂ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਘੇਰਦਿਆ ਕਿਹਾ ਕਿ ਕਮੇਟੀ ਕੋਲ ਸਾਰੇ ਸਰੂਪਾਂ ਦਾ ਰਿਕਾਰਡ ਮੌਜੂਦ ਹੈ ਅਤੇ ਉਹ ਜਾਣਦੇ ਹਨ ਕਿ ਇਹ ਸਰੂਪ ਕਿਹੜੇ ਡੇਰਿਆਂ ਜਾਂ ਘਰਾਂ ਵਿੱਚ ਭੇਜੇ ਗਏ ਹਨ, ਪਰ ਇਸ ਰਿਕਾਰਡ ਨੂੰ ਜਾਣਬੁੱਝ ਕੇ ਜਨਤਕ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਹ ਰਿਕਾਰਡ ਪੰਥਕ ਸ਼ਖਸੀਅਤਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਇਸ ਦੀ ਪੁਸ਼ਟੀ ਹੋ ਸਕੇ। ਦੂਜੇ ਪਾਸੇ, ਨਰਾਇਣ ਸਿੰਘ ਚੌੜਾ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਥ ਨੂੰ ਡਰ ਹੈ ਕਿ ਇਹ ਪਾਵਨ ਸਰੂਪ ਅਜਿਹੀਆਂ ਥਾਵਾਂ 'ਤੇ ਭੇਜੇ ਗਏ ਹਨ ਜਿੱਥੇ ਮਰਿਆਦਾ ਦੀ ਪਾਲਣਾ ਨਹੀਂ ਹੋ ਰਹੀ। ਉਨ੍ਹਾਂ ਸਿਟ ਦੀ ਜਾਂਚ 'ਤੇ ਅਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਹੱਲ ਨਹੀਂ ਕਰ ਸਕਦੀ ਤਾਂ ਇਹ ਮਾਮਲਾ ਪੰਥ ਦੇ ਹਵਾਲੇ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੁਕਤਸਰ ਸਾਹਿਬ ਦੀ ਕਾਨਫਰੰਸ ਵਿੱਚ ਸਰੂਪਾਂ ਦੀ ਬਰਾਮਦਗੀ ਬਾਰੇ 'ਝੂਠ' ਬੋਲਣ ਲਈ ਮੁੱਖ ਮੰਤਰੀ ਨੂੰ ਵਿਧਾਨ ਸਭਾ ਵਿੱਚ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ।