ਨਵੀਂ ਦਿੱਲੀ -ਦਿੱਲੀ ਵਿਖ਼ੇ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜਦ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਇਕ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਹੈ । ਇਸ ਮਾਮਲੇ ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਵਲੋਂ ਦਿੱਤਾ ਗਿਆ ਫ਼ੈਸਲਾ ਕਤਲੇਆਮ ਪੀੜੀਤਾਂ ਨਾਲ ਵਡੀ ਬੇਇਨਸਾਫੀ ਹੈ ਜਦਕਿ ਗਵਾਹ ਵਾਰ ਵਾਰ ਆਪਣੇ ਬਿਆਨ ਦਰਜ਼ ਕਰਵਾਉਣ ਲਈ ਕਹਿੰਦੇ ਰਹੇ ਪਰ ਉਨ੍ਹਾਂ ਦੇ ਬਿਆਨ ਰਿਕਾਰਡ ਨਹੀਂ ਕੀਤੇ ਗਏ ਤੇ ਇੰਨਸਾਫ ਦੀ ਉਡੀਕ ਵਿਚ ਓਹ ਅਕਾਲ ਚਲਾਣਾ ਕਰ ਗਏ । ਉਨ੍ਹਾਂ ਇਸ ਮਾਮਲੇ ਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਘੇਰਦਿਆਂ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦੀ ਨਾਕਾਮਯਾਬੀ ਨੂੰ ਉਜਾਗਰ ਕਰਦੀ ਹੈ ਕਿ ਓਹ ਮਾਮਲੇ ਦੀ ਪੈਰਵਾਈ ਕਰਣ ਵਿਚ ਫੇਲ ਸਾਬਿਤ ਹੋਏ ਹਨ ਭਾਵੇਂ ਓਹ ਲੱਖ ਵਾਰ ਬਿਆਨ ਜਾਰੀ ਕਰੀ ਜਾਣ ਕਿ ਅਸੀਂ ਕਤਲੇਆਮ ਪੀੜੀਤਾਂ ਨੂੰ ਇੰਨਸਾਫ ਦਿਵਾਉਣ ਲਈ ਵਚਨਬੱਧ ਹਾਂ । ਜ਼ੇਕਰ ਓਹ ਇਸ ਮਾਮਲੇ ਵਿਚ ਗੰਭੀਰ ਅਤੇ ਵਚਨਬੱਧ ਹੁੰਦੇ ਬਲਵਾਨ ਖੋਖਰ ਵਰਗੇ ਦਰਿੰਦੇ ਨੂੰ ਪੈਰੋਲ ਨਹੀਂ ਮਿਲ਼ ਸਕਦੀ ਸੀ ਤੇ ਅੱਜ ਸੱਜਣ ਕੁਮਾਰ ਬਰੀ ਨਹੀਂ ਹੋ ਸਕਦਾ ਸੀ ਜ਼ੇਕਰ ਇੰਨ੍ਹਾ ਵਲੋਂ ਸਮੇਂ ਸਿਰ ਗਵਾਹਾਂ ਨੂੰ ਸੰਭਾਲ ਕੇ ਉਨ੍ਹਾਂ ਨੂੰ ਅਦਾਲਤ ਅੰਦਰ ਪੇਸ਼ ਕਰਵਾਕੇ ਉਨ੍ਹਾਂ ਦੇ ਬਿਆਨ ਰਿਕਾਰਡ ਕਰਵਾਏ ਜਾਂਦੇ । ਪਰ ਓਹ ਤਾਂ ਸਭ ਕੁਝ ਬਰਬਾਦ ਕਰਣ ਤੇ ਲੱਗੇ ਹੋਏ ਹਨ ਪਹਿਲਾਂ ਸਕੂਲ ਕਾਲਜ ਦੇ ਹਾਲਾਤ ਬਦਤਰ ਬਣਾ ਦਿੱਤੇ ਉਪਰੰਤ ਉਨ੍ਹਾਂ ਤੇ ਭਾਰੀ ਕਰਜਾ ਚੜ੍ਹ ਗਿਆ ਜਿਸ ਨੂੰ ਦੇਖਦਿਆਂ ਅਦਾਲਤ ਕਮੇਟੀ ਦੇ ਸਰਮਾਇ ਦੀ ਕੀਮਤਾਂ ਲਗਵਾਉਣ ਦੇ ਆਦੇਸ਼ ਜਾਰੀ ਕਰ ਰਹੀ ਹੈ, ਕਮੇਟੀ ਪ੍ਰਬੰਧਕਾਂ ਵਲੋਂ ਬੰਦੀ ਸਿੰਘਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਕੌਈ ਜਤਨ ਨਹੀਂ ਕੀਤਾ ਗਿਆ ਭਾਵੇਂ ਓਹ ਤੇ ਉਨ੍ਹਾਂ ਦੇ ਬਾਸ ਦੀ ਕੇਂਦਰ ਨਾਲ ਕਿਤਨੀ ਵੀ ਗੂੜੀ ਸਾਂਝ ਕਿਉਂ ਨਾ ਹੋਏ ਓਹ ਪੰਥ ਦਾ ਇਕ ਵੀ ਕੰਮ ਨਹੀਂ ਕਰ ਅਤੇ ਕਰਵਾ ਸਕੇ ਹਨ । ਅੰਤ ਵਿਚ ਉਨ੍ਹਾਂ ਕਿਹਾ ਪੰਥ ਲਈ ਇਸਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਹੋਰ ਕੀ ਹੋਵੇਗੀ ਕਿ ਕਮੇਟੀ ਦੀ ਵਾਗਡੋਰ ਨਾਕਾਬਿਲ ਇਨਸਾਨਾਂ ਦੇ ਹੱਥ ਵਿਚ ਹੈ ਤੇ ਇਹ ਸਭ ਕੁਝ ਖ਼ਤਮ ਕਰਨ ਤੇ ਲੱਗੇ ਹੋਏ ਹਨ ।