ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਜਨਕਪੁਰੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਉੱਤੇ ਸਵਾਲ ਕੀਤਾ ਕਿ ਸਰਕਾਰ ਅਤੇ ਅਦਾਲਤਾਂ ਇਹ ਦੱਸਣ ਕਿ ਫਿਰ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਿਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਿੱਖ ਕਤਲੇਆਮ ਦੇ ਦੋ ਕੇਸਾਂ ਵਿੱਚ ਸੱਜਣ ਕੁਮਾਰ ਅਜੇ ਵੀ ਜੇਲ੍ਹ ਅੰਦਰ ਸਜ਼ਾ ਭੁਗਤ ਰਿਹਾ ਹੈ ਅਤੇ ਉਹ ਜੇਲ੍ਹ ਵਿੱਚ ਹੀ ਰਹੇਗਾ, ਪਰੰਤੂ ਇੱਕ ਕੇਸ ਵਿੱਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸੁਹਿਰਦਤਾ ਅਤੇ ਗੰਭੀਰਤਾ ਉੱਤੇ ਵੱਡਾ ਸਵਾਲੀਆ ਚਿੰਨ੍ਹ ਹੈ ਅਤੇ ਇਹ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦੇ ਤੁੱਲ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਿਸ ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਹੈ ਉਸ ਵਿੱਚ 17 ਸਾਲ ਦੇ ਨਾਬਾਲਗ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਕਤਲ ਕਰਨ ਲਈ ਉਸ ਨੂੰ ਜਿਉਂਦਾ ਉਸ ਦੇ ਪਿਤਾ ਸ. ਨਾਥ ਸਿੰਘ ਦੇ ਜਲਦੇ ਟਰੱਕ ਵਿੱਚ ਸੁੱਟਿਆ ਗਿਆ ਸੀ। ਕਾਕਾ ਗੁਰਚਰਨ ਸਿੰਘ ਸਾਲ 1984 ਤੋਂ 2008 ਤੱਕ 24 ਸਾਲ ਅੱਧਾ ਜਲਿਆ ਹੋਇਆ ਹਾਲਤ ਵਿੱਚ ਇਹ ਕਹਿੰਦਿਆਂ ਇਨਸਾਫ਼ ਦੀ ਗੁਹਾਰ ਲਗਾਉਂਦਾ ਰਿਹਾ ਕਿ ਉਸ ਦਿਨ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ, ਪਰੰਤੂ ਉਸ ਦੀ ਗੱਲ ਜਾਂਚ ਏਜੰਸੀਆਂ ਨੇ ਨਹੀਂ ਸੁਣੀ, ਨਾ ਹੀ ਉਸ ਦੀ ਗਵਾਹੀ ਦਰਜ ਕੀਤੀ ਗਈ ਅਤੇ ਉਹ ਚਲਾਣਾ ਕਰ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਕਿ 2008 ਵਿੱਚ ਸੀਬੀਆਈ ਨੇ ਕਾਕਾ ਗੁਰਚਰਨ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਪਰੰਤੂ ਉਸ ਨੂੰ ਦਰਜ ਕਰਕੇ ਕੇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਾਕਾ ਗੁਰਚਰਨ ਸਿੰਘ ਦੀ ਗਵਾਹੀ ਦਰਜ ਕੀਤੇ ਜਾਣ ਦੇ ਬਾਵਜੂਦ ਵੀ ਉਸ ਨੂੰ ਉਸ ਦੇ ਵਿਰੁੱਧ ਕੇਸ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਵਿਰੁੱਧ ਜਨਕਪੁਰੀ ਵਾਲੇ ਕੇਸ ਦੀ ਜਾਂਚ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਪਰੰਤੂ ਦਿੱਲੀ ਪੁਲਿਸ ਨੇ ਕਾਕਾ ਗੁਰਚਰਨ ਸਿੰਘ ਦੇ ਬਿਆਨ ਦਰਜ ਕਰੇ ਬਿਨਾਂ ਹੀ ਕੇਸ ਬੰਦ ਕਰ ਦਿੱਤਾ ਸੀ, ਜੋ ਕਿ ਮੰਦਭਾਗਾ ਹੈ ਅਤੇ ਸਰਕਾਰ ਤੇ ਪੁਲਿਸ ਦੀ ਕਾਰਵਾਈ ਉੱਤੇ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੂਜਾ ਗਵਾਹ ਸ. ਹਰਵਿੰਦਰ ਸਿੰਘ ਕੋਹਲੀ ਵੀ ਇਹ ਕਹਿੰਦਾ ਰਿਹਾ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ, ਪਰੰਤੂ ਉਸ ਦਾ ਮਾਮਲਾ ਵੀ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ ਗਿਆ। ਬਾਅਦ ਵਿੱਚ ਸਾਲ 2015 ਵਿੱਚ ਜਦੋਂ ਨਵੀਂ ਜਾਂਚ ਟੀਮ ਬਣੀ ਤਾਂ ਸ. ਹਰਵਿੰਦਰ ਸਿੰਘ ਕੋਹਲੀ ਦੇ ਬਿਆਨ ਦਰਜ ਹੋਏ ਪਰੰਤੂ ਉਦੋਂ ਉਹ ਵੀ ਚਲਾਣਾ ਕਰ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਮੁੱਖ ਗਵਾਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੱਜਣ ਕੁਮਾਰ ਨੂੰ ਪਛਾਣ ਕੇ ਉਸ ਵਿਰੁੱਧ ਗਵਾਹੀਆਂ ਦਰਜ ਕਰਵਾਈਆਂ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਬਰੀ ਕਰ ਦਿੱਤਾ ਗਿਆ, ਜੋ ਕਿ ਮੰਦਭਾਗਾ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਇਹ ਸਵਾਲ ਕੀਤਾ ਕਿ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 2733 ਕਤਲ ਹੋਏ ਹਨ ਜਦਕਿ ਅਸਲ ਵਿੱਚ ਕਤਲ ਕਿਤੇ ਵੱਧ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਸ਼ਾਂਤ ਕਰਨ ਲਈ ਸਰਕਾਰ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਹੋਏ ਸਿੱਖ ਕਤਲੇਆਮ ਦੇ ਹਰ ਇੱਕ ਕਤਲ ਮਾਮਲੇ ਵਿੱਚ ਇਹ ਜ਼ਿੰਮੇਵਾਰੀ ਤੈਅ ਕਰੇ ਕਿ ਇਹ ਕਤਲ ਕਿਸ ਨੇ ਕੀਤੇ ਹਨ ਅਤੇ ਇਨ੍ਹਾਂ ਦਾ ਇਨਸਾਫ਼ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਵਿੱਚ ਜਾਣਬੁੱਝ ਕੇ ਸਾਜ਼ਸ਼ ਤਹਿਤ ਕੀਤੀ ਗਈ ਦੇਰੀ ਲਈ ਕਿਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਸਰਕਾਰ ਇਹ ਵੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਪਰੰਤੂ ਇਹ ਕੰਮ ਸੰਜੀਦਗੀ ਤੇ ਗੰਭੀਰਤਾ ਨਾਲ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿੱਖ ਕਾਕਾ ਗੁਰਚਰਨ ਸਿੰਘ ਦੇ ਜਨਕਪੁਰੀ ਇਰਾਦਾ ਕਤਲ ਮਾਮਲੇ ਵਿੱਚ ਵੀ ਇਨਸਾਫ਼ ਲਈ ਸੰਘਰਸ਼ ਜਾਰੀ ਰੱਖਣ ਅਤੇ ਅਦਾਲਤ ਵੱਲੋਂ ਕੀਤੇ ਗਏ ਤਾਜ਼ਾ ਆਦੇਸ਼ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇ।