ਨਵੀਂ ਦਿੱਲੀ- ਸਿੱਖ ਇਤਿਹਾਸ 'ਚ ਅਣਗਿਣਤ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਵਿੱਢੀ ਜੰਗ 'ਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ (ਪੰਜਾਬ)ਦੇ ਮੁੱਖ ਭਾਈ ਸੁਖਚੈਨ ਸਿੰਘ ਅਤਲਾ ਨੇ ਦਸਿਆ ਬਾਬਾ ਦੀਪ ਸਿੰਘ ਜੀ ਦਾ ਨਾਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਇਰਾਦੇ ਤੇ ਵਿਚਾਰ ਫੌਲਾਦੀ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਮੁਖੀ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ। ਬਾਬਾ ਜੀ ਪੰਥ ਦੀ ਖਾਤਰ ਹਰ ਕੁਰਬਾਨੀ ਕਰਨ ਲਈ ਸਦਾ ਤਿਆਰ ਬਰ ਰਹਿਣ ਵਾਲੇ ਯੋਧੇ ਸਨ। ਉਨ੍ਹਾਂ ਦਸਿਆ ਇਤਿਹਾਸ ਗਵਾਹ ਹੈ ਕਿ ਬਾਬਾ ਦੀਪ ਸਿੰਘ ਦੇ ਪੈਰਾਂ 'ਚ ਸਮੁੰਦਰ ਦੀਆਂ ਲਹਿਰਾਂ ਤੋਂ ਵੱਧ ਵੇਗ ਸੀ ਤੇ ਬਾਬਾ ਜੀ ਦੇ ਲਹੂ 'ਚ ਇੰਨੀ ਗਰਮੀ ਸੀ ਕਿ 1757 'ਚ ਤੈਮੂਰ ਸ਼ਾਹ ਤੇ ਜਾਹਨ ਖਾਨ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ ਪਹੁੰਚੀ, ਤਾਂ ਆਪ ਜੀ 76 ਸਾਲ ਦੀ ਬਿਰਧ ਅਵਸਥਾ 'ਚ 18 ਸੇਰ ਦਾ ਖੰਡਾ ਹੱਥ 'ਚ ਫੜ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚੱਲ ਪਏ। ਬਾਬਾ ਦੀਪ ਸਿੰਘ ਜੀ ਨੇ ਜੰਗ ਜਿੱਤ ਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਦਾ ਅਰਦਾਸਾ ਸੋਧਿਆ ਤੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਸਹਿਰ ਦੇ ਬਾਹਰ ਘਮਸਾਣ ਦਾ ਯੁੱਧ ਹੋਇਆ, ਜਹਾਨ ਖਾਨ ਨਾਲ ਹੋ ਰਹੀ ਗਹਿਗੱਚ ਲੜਾਈ ਵਿੱਚ ਬਾਬਾ ਜੀ ਸੀਸ ਧੜ ਨਾਲੋਂ ਵੱਖਰਾ ਹੋ ਗਿਆ। ਕੋਲ ਖੜ੍ਹੇ ਸਿੰਘ ਨੇ ਜਦ ਬਾਬਾ ਜੀ ਨੂੰ ਦਰਬਾਰ ਸਾਹਿਬ ਦੇ ਚਰਨਾਂ 'ਚ ਪਹੁੰਚੇ ਕੇ ਨਤਮਸਤਕ ਹੋਣ ਦਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਜਿਸ ਦੀ ਮਿਸਾਲ ਦੁਨੀਆ 'ਚ ਕਿਧਰੇ ਵੀ ਨਹੀਂ ਮਿਲਦੀ। ਬਾਬਾ ਜੀ ਨੇ ਆਪਣੇ ਖੱਬੇ ਹੱਥ 'ਤੇ ਸੀਸ ਰੱਖ ਕੇ ਸੱਜੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਦੁਸ਼ਮਣ ਫ਼ੌਜ 'ਚ ਭਾਜੜਾਂ ਪੈ ਗਈਆਂ। ਜੰਗ ਜਿੱਤ ਕੇ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਚ ਸੀਸ ਭੇਟ ਕਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਇਸੇ ਕਰ ਕੇ ਬਾਬਾ ਦੀਪ ਸਿੰਘ ਜੀ ਨੂੰ ਅਨੋਖੇ ਅਮਰ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖੀ ਭਾਈ ਸੁਖਚੈਨ ਸਿੰਘ ਅਤਲਾ ਨੇ ਦਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਅਤਲਾ ਖੁਰਦ ਵਿਖ਼ੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ 27 ਜਨਵਰੀ 2026 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਨਾਲ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤਕ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੰਥ ਦੀਆਂ ਮਹਾਨ ਸਖਸੀਅਤਾਂ ਦੇ ਨਾਲ ਪੰਥ ਪ੍ਰਸਿੱਧ ਰਾਗੀ ਜੱਥੇ ਵੀ ਹਾਜ਼ਰੀ ਭਰ ਰਹੇ ਹਨ । ਅੰਤ ਵਿਚ ਭਾਈ ਅਤਲਾ ਵਲੋਂ ਸੰਗਤਾਂ ਨੂੰ ਵੱਡੀ ਗਿਣਤੀ ਅੰਦਰ ਗੁਰਮਤਿ ਸਮਾਗਮ ਵਿਚ ਹਾਜ਼ਰੀਆਂ ਭਰਣ ਦੀ ਅਪੀਲ ਕੀਤੀ।