ਨਵੀਂ ਦਿੱਲੀ - ਬੀਤੇ ਦਿਨ ਅਦਾਲਤ ਵਲੋਂ ਦਿੱਲੀ ਵਿਖ਼ੇ ਸਰਕਾਰੀ ਸ਼ਹ ਉਪਰ ਕੀਤੇ ਗਏ ਸਿੱਖਾਂ ਦੇ ਕਤਲੇਆਮ ਦੇ ਇਕ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਓਸਦੇ ਕੀਤੇ ਗਏ ਨਾ ਭੁਲਣਵਾਲੇ ਗੁਨਾਹਾਂ ਤੋਂ ਬਰੀ ਕਰ ਕੇ ਸਿੱਖਾਂ ਉਪਰ ਦੇਸ਼ ਅੰਦਰ ਹੋ ਰਹੇ ਗੈਰ ਇਨਸਾਨੀਅਤ ਅਤੇ ਗੈਰ ਕਾਨੂੰਨੀ ਢੰਗ ਨਾਲ ਘੋਰ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਹੀ ਯਾਦ ਕਰਵਾ ਦਿੱਤੀ ਹੈ । ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਅਦਾਲਤਾਂ ਵੱਲੋ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਦੀ ਕਾਰਵਾਈ ਸਮੁੱਚੇ ਕਤਲੇਆਮ ਪੀੜੀਤਾਂ ਦੇ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਕਾਰਵਾਈ ਹੈ । ਇਸ ਵੱਡੇ ਕਾਤਲ ਨੂੰ ਬਰੀ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਲਈ ਇਸ ਜਮਹੂਰੀਅਤ ਕਹਾਉਣ ਵਾਲੇ ਦੇਸ਼ ਅੰਦਰ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਮਿਲ ਸਕਦਾ । ਉਨ੍ਹਾਂ ਕਿਹਾ ਅਦਾਲਤ ਵਲੋਂ ਦੇਖਣਾ ਚਾਹੀਦਾ ਸੀ ਕਿ ਨਵੰਬਰ ਦੀ 1 ਤਰੀਕ ਤੋਂ ਲੈਕੇ 4 ਨਵੰਬਰ ਤਕ ਸਿੱਖਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ ਤੇ ਹਜਾਰਾਂ ਹੀ ਬੇਗੁਨਾਹ ਸਿੱਖ ਮਾਰ ਦਿੱਤੇ ਗਏ ਜਿਨ੍ਹਾਂ ਦੀ ਅਗਵਾਈ ਓਸ ਸਮੇਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਹਰਕਿਸ਼ਨ ਭਗਤ, ਬਲਵਾਨ ਖੋਖਰ, ਮਹਿੰਦਰ ਯਾਦਵ ਵਰਗੇ ਕਾਂਗਰਸੀ ਨੇਤਾ ਕਰ ਰਹੇ ਸਨ । ਸਿੱਖਾਂ ਦੀ ਅਰਬਾਂ ਖਰਬਾਂ ਦੀ ਜਾਇਦਾਦ ਸਾੜਣ ਦੇ ਨਾਲ ਲੁਟ ਪੁਟ ਲਿੱਤੀ ਗਈ ਸੀ ਤੇ ਇੰਨਸਾਫ ਦੀ ਉਡੀਕ ਕਰਦਿਆਂ ਸਿੱਖਾਂ ਨੂੰ 41 ਸਾਲ ਹੋ ਗਏ ਹਨ ਜਿਨ੍ਹਾਂ ਵਿੱਚੋਂ ਵਡੀ ਗਿਣਤੀ ਅੰਦਰ ਕਤਲੇਆਮ ਪੀੜਿਤ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ, ਤੇ ਹੁਣ ਕਾਤਿਲਾਂ ਦੇ ਹਕ਼ ਵਿਚ ਫ਼ੈਸਲਾ ਦੇ ਕੇ ਇੰਨਸਾਫ ਦਾ ਕਤਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਅਦਾਲਤ ਵਲੋਂ ਦਿੱਤੇ ਇਸ ਆਦੇਸ਼ ਨੂੰ ਹਾਈ ਕੋਰਟ ਅੰਦਰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਜਿਸਦਾ ਸੁਆਗਤ ਕੀਤਾ ਜਾਂਦਾ ਹੈ