ਸਰੀ-ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਅਤੇ ਈਸਟ ਇੰਡੀਅਨ ਡੀਫੈਂਸ ਕਮੇਟੀ ਵੱਲੋਂ ‘ਸਾਮਰਾਜੀ ਸੰਕਟ ਅਤੇ ਸਮਕਾਲੀ ਹਾਲਾਤ’ ਵਿਸ਼ੇ ‘ਤੇ ਸੈਮੀਨਾਰ 1 ਫਰਵਰੀ 2026 (ਐਤਵਾਰ) ਨੂੰ ਬਾਅਦ ਦੁਪਹਿਰ ਇਕ ਵਜੇ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ (7536, 130 ਸਟਰੀਟ) ਵਿਖੇ ਕਰਵਾਇਆ ਜਾ ਰਿਹਾ ਹੈ।
ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਨੇ ਦੱਸਿਆ ਕਿ ਪੂੰਜੀਵਾਦ ਦੇ ਆਰਥਿਕ ਸੰਕਟ ਵਿੱਚ ਘਿਰੇ ਹੋਣ ਕਾਰਨ ਅਮਰੀਕਾ ਅਤੇ ਉਸਦੇ ਜੋਟੀਦਾਰ ਪੱਛਮੀ ਮੁਲਕ ਕਮਜ਼ੋਰ ਦੇਸ਼ਾਂ ਦੇ ਮਾਲ-ਖਜ਼ਾਨਿਆਂ ਨੂੰ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨ। ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਮਨਘੜਤ ਦੋਸ਼ ਲਾ ਕੇ ਫੌਜੀ ਤਾਕਤ ਦੇ ਜ਼ੋਰ ਉਸ ਦੀ ਪਤਨੀ ਸਮੇਤ ਅਗਵਾ ਕਰਨਾ ਅਤੇ ਉਸ ਦੇ ਤੇਲ ਦੀ ਲੁੱਟ ਇਸ ਦੀ ਉਘੜਵੀਂ ਮਿਸਾਲ ਹੈ। ਨਾਲ ਦੀ ਨਾਲ ਕਿਊਬਾ, ਮੈਕਸੀਕੋ ਅਤੇ ਕੁਲੰਬੀਆ ‘ਤੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਜਿਹੇ ਹਮਲੇ ਕਰਨ ਦੀਆਂ ਧਮਕੀਆਂ ਜਾਰੀ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਟਰੰਪ ਵੱਲੋਂ ਗਰੀਨਲੈਂਡ ਨੂੰ ਜਬਰੀ ਹਥਿਆਉਣ ਦੇ ਲਲਕਾਰੇ ਮਾਰੇ ਜਾ ਰਹੇ ਹਨ ਅਤੇ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਦੀ ਧਮਕੀ ਪਹਿਲਾਂ ਹਾ ਆ ਚੁੱਕੀ ਹੈ। ਇਸ ਮਾਰਧਾੜ ਅਤੇ ਸੰਕਟ ਦੀ ਮਾਰ ਝੱਲਦਾ ਆਮ ਇਨਸਾਨ ਨੌਕਰੀਆਂ ਦੇ ਖੁੱਸਣ ਅਤੇ ਸਿਖਰਾਂ ਛੋਂਹਦੀ ਮਹਿੰਗਾਈ ਕਾਰਨ ਦੋ ਡੰਗ ਦੀ ਰੋਟੀ ਲਈ ਫਿਕਰਮੰਦ ਹੈ। ਤਰਕਸ਼ੀਲ ਆਗੂ ਨੇ ਇਸ ਮਹੱਤਵਪੂਰਨ ਮੁੱਦੇ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਨ ਲਈ ਪਹਿਲੀ ਫਰਵਰੀ ਨੂੰ ਇਸ ਸੈਮੀਨਾਰ ਵਿਚ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।