ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਗਾਰਡਨ ਦੇ ਮੁੱਖ ਸੇਵਾਦਾਰ ਸਰਦਾਰ ਕੁਲਵੰਤ ਸਿੰਘ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਕੋ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਬੱਬਰ ਦੀ ਅਗਵਾਈ ਹੇਠ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਰਦਾਰ ਸੁਖਵਿੰਦਰ ਸਿੰਘ ਬੱਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਕੁਲਵੰਤ ਸਿੰਘ ਦਾ ਕੋ ਚੇਅਰਮੈਨ ਬਣਨਾ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਰਦਾਰ ਕੁਲਵੰਤ ਸਿੰਘ ਨੇ ਬਤੌਰ ਪ੍ਰਧਾਨ ਸਿੰਘਸਭਾ ਗੁਰਦੁਆਰਾ ਰਾਣੀ ਬਾਗ ਸਮੁੱਚੀਆਂ ਸਿੱਖ ਸੰਗਤਾਂ ਦੀ ਵੱਡੀ ਸੇਵਾ ਕੀਤੀ ਹੈ ਤੇ ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਸ ਮੌਕੇ ਸਰਦਾਰ ਕੁਲਵੰਤ ਸਿੰਘ ਨੇ ਇਸ ਸੇਵਾ ਲਈ ਸਰਦਾਰ ਕਾਲਕਾ, ਸਰਦਾਰ ਕਾਹਲੋਂ ਤੇ ਸਰਦਾਰ ਬੱਬਰ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਸਿੱਖ ਕੌਮ ਵਾਸਤੇ ਪੂਰੇ ਸਮਰਪਣ ਨਾਲ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਤੇ ਗੁਰਮੁੱਖੀ ਤੇ ਗੁਰਸਿੱਖੀ ਜੀਵਨ ਜਾਚ ਨਾਲ ਭਵਿੱਖੀ ਪੀੜੀ ਨੂੰ ਜੋੜਨ ਵਾਸਤੇ ਪੂਰੇ ਉਪਰਾਲੇ ਕਰਨਗੇ।