ਅੰਮ੍ਰਿਤਸਰ-ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਦੇ ਮਕਸਦ ਤਹਿਤ ਖਾਲਸਾ ਯੂਨੀਵਰਸਿਟੀ ਵੱਲੋਂ ਖਾਲਸਾ ਕਾਲਜ ਦੇ ਫਾਈਨ ਆਰਟ ਵਿਭਾਗ ਅਤੇ ਆਈ. ਡਬਲਯੂ. ਐੱਸ. ਆਰਟ ਅਫੀਨਾ ਦੇ ਸਾਂਝੇ ਸਹਿਯੋਗ ਨਾਲ 12ਵਾਂ ਅੰਤਰਰਾਸ਼ਟਰੀ ਕਲਾ ਮਹਾ ਉਤਸਵ ਕਰਵਾਇਆ ਗਿਆ। ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਿਲ ਹੋਏ ਆਰਟਿਸਟਾਂ ਨੇ ਰੁਬਰੂ ਹੋ ਕੇ ਬੱਚਿਆਂ ਨੂੰ ਪੇਟਿੰਗ ਬਣਾਕੇ ਵਿਖਾਉਣ ਤੋਂ ਇਲਾਵਾ ਚਿਤਰਕਲਾ ਦੇ ਵਿਸਥਾਰਪੂਰਵਕ ਗੁਰ ਸਿਖਾਏ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਕਲਾ ਪ੍ਰਤੀ ਸਮਰਪਣ ਭਾਵਨਾ ਨਾਲ ਅਗਾਂਹ ਵੱਧਣ ਲਈ ਉਤਸ਼ਾਹਿਤ ਕਰਦਿਆਂ ਸਮਾਜ ’ਚ ਰਚਨਾਤਮਕਤਾ ਦੀ ਮਹੱਤਤਾ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਮਹਾ ਉਤਸਵ ਦੌਰਾਨ ਅਜਮੇਰ ਤੋਂ ਸਚਿਨ, ਕਿਸ਼ਨਗੜ੍ਹ ਤੋਂ ਪਵਨ ਕੁਮਾਵਤ, ਚੰਡੀਗੜ੍ਹ ਤੋਂ ਸਿਕੰਦਰ ਸਿੰਘ, ਪਾਉਂਟਾ ਸਾਹਿਬ ਤੋਂ ਕੁਲਵਿੰਦਰ ਸਿੰਘ, ਜਲੰਧਰ ਤੋਂ ਹਰੀਸ਼ ਵਰਮਾ ਅਤੇ ਬੁੰਗਾ ਤੋਂ ਜਸਵੀਰ ਰਾਮ ਆਦਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਕਲਾਕਾਰਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਚਿੱਤਰਕਲਾ ਬਣਾ ਕੇ ਵਿਖਾਉਣ ਤੋਂ ਇਲਾਵਾ ਇਸ ਸਬੰਧੀ ਹਰੇਕ ਪਹਿਲੂ ਨੂੰ ਬਾਰੀਕੀ ਨਾਲ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਕਲਾਕਾਰਾਂ ਵੱਲੋਂ ਲਾਈਵ ਚਿੱਤਰਕਾਰੀ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਕਲਾ ਦੀਆਂ ਤਕਨੀਕਾਂ ਅਤੇ ਰਚਨਾਤਮਿਕ ਪ੍ਰੀਕ੍ਰਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ, ਜੋ ਉਨ੍ਹਾਂ ਦੇ ਤਜ਼ਰਬੇ ’ਚ ਵਾਧਾ ਕਰਦਿਆਂ ਭਵਿੱਖ ’ਚ ਸਹਾਈ ਸਿੱਧ ਹੋਵੇਗੀ।
ਇਸ ਮੌਕੇ ਵਿਭਾਗ ਮੁਖੀ ਮਹਿਤਾਬ ਕੌਰ ਨੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਪ੍ਰਿੰ: ਡਾ. ਰੰਧਾਵਾ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਤੋਂ ਬਹੁਤ ਕੁਝ ਸਿੱਖਿਆ ਅਤੇ ਇਹ ਅਨੁਭਵ ਉਨ੍ਹਾਂ ਦੀ ਕਲਾਤਮਿਕ ਵਿਕਾਸ ਯਾਤਰਾ ਲਈ ਲਾਭਦਾਇਕ ਸਾਬਿਤ ਹੋਇਆ ਹੈ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਉੱਘੇ ਕਲਾਕਾਰਾਂ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਜਦਕਿ ਆਰਟ ਅਫੀਨਾ ਦੇ ਸਹਿਯੋਗਿਕ ਸ੍ਰੀ ਵਿਨੇ ਵੈਦ ਵੱਲੋਂ ਪ੍ਰਿੰ: ਡਾ. ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ।