ਅੰਮ੍ਰਿਤਸਰ - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਤੇ ਪਾਰਟੀ ਆਗੂ ਗੋਵਿੰਦ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਮੁਆਫੀਨਾਮਾ ਸੌਪਿਆ ਤੇ ਹੋਈ ਭੁੱਲ ਦੀ ਖਿਮਾ ਯਾਚਨਾ ਕੀਤੀ।ਬੀਤੇ ਦਿਨੀ ਗੋਵਿੰਦ ਸਿੰਘ ਨੇ ਆਪਣੇ ਵਿਆਹ ਪ੍ਰੋਗਰਾਮ ਦੀਆਂ ਰਸਮਾਂ ਵਿਚ ਸਿਰ ਤੇ ਛਤਰ ਤੇ ਚਵਰ ਝੁਲਵਾਇਆ ਸੀ ਜਿਸ ਕਾਰਨ ਪੰਥ ਵਿਚ ਰੋਸ ਪਾਇਆ ਜਾ ਰਿਹਾ ਸੀ।ਆਪਣੇ ਪੱਤਰ ਵਿਚ ਗੋਵਿੰਦ ਸਿੰਘ ਨੇ ਕਿਹਾ ਕਿ ਛਤਰ ਛੁਲਾਉਣ ਅਤੇ ਚਵਰ ਸਾਹਿਬ ਦਾ ਮਾਮਲਾ ਜਦ ਸੋਸ਼ਲ ਮੀਡੀਆ ਤੇ ਆਇਆ ਤਾਂ ਮੈ ਮਹਿਸੂਸ ਕੀਤਾ ਕਿ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੰੁਚੀ ਹੈ। ਇਸ ਲਈ ਇਸ ਮਾਮਲੇ ਤੇ ਆਪਣਾ ਪੱਖ ਸਪਸ਼ਟ ਕਰਨਾ ਮੈਂ ਇੱਕ ਨਿਮਾਣੇ ਸਿੱਖ ਵਜੋਂ ਆਪਣਾ ਫਰਜ਼ ਸਮਝਦਾ ਹਾਂ।ਉਨਾਂ ਕਿਹਾ ਕਿ ਛਤਰ ਝੁਲਵਾਉਣ ਅਤੇ ਚਵਰ ਕਰਵਾਉਣਾ ਪੁਰਾਤਨ ਰਿਆਸਤੀ ਪ੍ਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜੀ ਦਰ ਪੀੜੀ ਚਲਦੀਆਂ ਆਈਆਂ ਹਨ। ਇਸ ਕਾਰਨ ਕਰਕੇ ਮੇਰੇ ਨਾਨਾ ਸ੍ਰ ਸਿਮਰਨਜੀਤ ਸਿੰਘ ਮਾਨ ਵੀ ਮੇਰੇ ਨਾਲ ਨਰਾਜ ਹੋਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕੋਈ ਹੋ ਸਕਦਾ ਹੈ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋਵੇਗਾ। ਇਸ ਗੱਲ ਦੀ ਪੂਰੀ ਜਿੰਮੇਵਾਰੀ ਮੈੇ ਆਪਣੇ ਉੱਤੇ ਲੈਦਾ ਹਾਂ। ਮੈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਕੋਲੋ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮੁਆਫੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀਂ ਪਾਓਗੇ। ਇਸ ਸੰਬਧੀ ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਇਸ ਮੁਆਫੀਨਾਮੇ ਤੇ ਵਿਚਾਰ ਕੀਤੀ ਜਾਵੇਗੀ।