ਪੰਜਾਬ

ਭਾਰਤੀ ਨੋਟਾਂ ’ਤੇ ਮੋਹਰ ਲਾ ਕੇ ‘ਖ਼ਜ਼ਾਨਾ’ ਵੰਡਣ ਦੀ ਗੁਰਮਤਿ ਵਿਰੋਧੀ ਵਰਤਾਰੇ ਨੂੰ ਨਾ ਜਥੇਦਾਰ, ਨਾ ਹੀ ਸ਼੍ਰੋਮਣੀ ਕਮੇਟੀ ਨੇ ਰੋਕਣ ਦੀ ਕੀਤੀ ਕਾਰਵਾਈ -ਪ੍ਰੋ. ਖਿਆਲਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 03, 2026 08:33 PM


ਅੰਮ੍ਰਿਤਸਰ- ਸਿੱਖ ਚਿੰਤਕ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ (ਚਾਟੀਵਿੰਡ ਚੌਕ) ਵਿਖੇ ਕੁਝ ਵਿਅਕਤੀਆਂ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ “ਖ਼ਜ਼ਾਨਾ ਬਾਬਾ ਦੀਪ ਸਿੰਘ ਜੀ”, “ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ” ਅਤੇ “ਸੇਵਕ ਜਥਾ ਇਸ਼ਨਾਨ” ਆਦਿ ਮੋਹਰਾਂ ਲਗਾ ਕੇ ਮਾਇਆ ਵੰਡਣ ਦੀ ਲਗਾਤਾਰ ਹੋ ਰਹੀ ਕਾਰਵਾਈ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਗੁਰਮਤ ਵਿਰੋਧੀ ਵਰਤਾਰੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਜੇ ਤੱਕ ਕੋਈ ਠੋਸ ਨੋਟਿਸ ਨਾ ਲੈਣਾ ਬਹੁਤ ਹੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਗੁਰਮਤ ਦੇ ਨਾਮ-ਬਾਣੀ ਸੰਕਲਪ, ਸਿੱਖੀ ਦੇ ਮੂਲ ਸਿਧਾਂਤਾਂ, ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਖੁੱਲ੍ਹਮ-ਖੁੱਲ੍ਹਾ ਮਨਮਤੀ ਰਵੱਈਏ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖੀ ਵਿੱਚ “ਨਾਮ ਦਾ ਖ਼ਜ਼ਾਨਾ” ਗੁਰਬਾਣੀ, ਸਿਮਰਨ, ਸੇਵਾ ਅਤੇ ਸੱਚੇ ਆਚਰਨ ਰਾਹੀਂ ਪ੍ਰਾਪਤ ਹੁੰਦਾ ਹੈ, ਨਾ ਕਿ ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ਉਨ੍ਹਾਂ ਨੂੰ ਅਸ਼ੀਰਵਾਦ ਸਮਝ ਕੇ ਜੇਬਾਂ ਜਾਂ ਪਰਸਾਂ ਵਿੱਚ ਰੱਖਣ ਨਾਲ। ਇਸ ਤਰ੍ਹਾਂ ਦੀ ਕਾਰਵਾਈ ਸੰਗਤਾਂ ਨੂੰ ਗੁਰਮਤ ਤੋਂ ਦੂਰ ਕਰਕੇ ਮਾਇਆ-ਕੇਂਦਰਿਤ ਸੋਚ ਵੱਲ ਧੱਕਣ ਦੀ ਕੋਸ਼ਿਸ਼ ਹੈ, ਜੋ ਸਿੱਖੀ ਦੀ ਰੂਹ ਅਤੇ ਅਸੂਲਾਂ ਨਾਲ ਸਿੱਧਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਗੰਭੀਰ ਗੱਲ ਹੈ ਕਿ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰੇ ਵਿੱਚ ਹੋ ਰਿਹਾ ਹੈ ਅਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕੋਈ ਸਪਸ਼ਟ ਅਤੇ ਸਖ਼ਤ ਸਟੈਂਡ ਸਾਹਮਣੇ ਆਇਆ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਕੋਲ ਸਵਾਲ ਉਠਾਇਆ ਕਿ ਗੁਰਮਤ ਵਿਰੋਧੀ ਇਸ ਵਰਤਾਰੇ ਲਈ ਕੌਣ ਜ਼ਿੰਮੇਵਾਰ ਹੈ, ਇਹ ਸਭ ਕੁਝ ਕਿਸ ਦੀ ਸਹਿਮਤੀ ਜਾਂ ਅਣਗਹਿਲੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਮਨਮਤੀ ਸਿਲਸਿਲੇ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੋਈ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਕਿ ਸੰਭਵ ਹੈ ਕੁਝ ਸੰਗਤਾਂ ਅਣਜਾਣਪੁਣੇ ਜਾਂ ਸ਼ਰਧਾ ਦੇ ਵਹਾਵ ਵਿੱਚ ਇਹ ਸਭ ਕੁਝ “ਖ਼ਜ਼ਾਨਾ” ਸਮਝ ਕੇ ਕਰ ਰਹੀਆਂ ਹੋਣ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਤੇ ਇਹ ਗੁਰੂ ਘਰਾਂ ਦੀ ਮਰਿਆਦਾ ਨੂੰ ਖੰਡਿਤ ਕਰਨ ਅਤੇ ਸਿੱਖੀ ਦੇ ਨਾਮ ਸੰਕਲਪ ਨੂੰ ਮਾਇਆਵਾਦੀ ਦਿਸ਼ਾ ਵੱਲ ਮੋੜਣ ਲਈ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ।
ਅਖੀਰ ਵਿੱਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ, ਸਪਸ਼ਟ ਅਤੇ ਕੜੀ ਕਾਰਵਾਈ ਕੀਤੀ ਜਾਵੇ, ਜ਼ਿੰਮੇਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਮਿਸਾਲੀ ਕਦਮ ਚੁੱਕੇ ਜਾਣ ਅਤੇ ਸੰਗਤਾਂ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਜਾਵੇ ਕਿ ਸਿੱਖੀ ਵਿੱਚ ਮਰਿਆਦਾ ਤੋਂ ਉਪਰ ਕੁਝ ਨਹੀਂ।
ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਗੁਰਮਤ ਦੀ ਅਟੱਲਤਾ, ਤਿਆਗ ਅਤੇ ਸਚਾਈ ਦਾ ਪ੍ਰਤੀਕ ਹੈ, ਨਾ ਕਿ ਮੋਹਰ ਲੱਗੀ ਮਾਇਆ ਦਾ। ਸ਼ਹੀਦਾਂ ਦੇ ਨਾਮ ’ਤੇ ਮਨਮਤੀ ਕਰਤੂਤਾਂ ਸਹਿਣਯੋਗ ਨਹੀਂ ਅਤੇ ਪੰਥ ਇਸ ਬਾਰੇ ਚੁੱਪ ਨਹੀਂ ਰਹੇਗਾ।

Have something to say? Post your comment

 
 
 
 

ਪੰਜਾਬ

ਨੰਗਲ-ਕੀਰਤਪੁਰ ਸਾਹਿਬ ਸੜਕ ਨੂੰ ਚਹੁੰ-ਮਾਰਗੀ ਕਰਨ ਦਾ ਕੰਮ ਜਲਦ ਸ਼ੁਰੂ ਹੋਵੇਗਾ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ

ਮਜੀਠੀਆ ਦੀ ਜ਼ਮਾਨਤ 'ਤੇ ਅਮਨ ਅਰੋੜਾ: ਕਾਨੂੰਨ, ਸਬੂਤ ਅਤੇ ਸੱਚਾਈ ਸਿਆਸੀ ਜਸ਼ਨਾਂ ਨਾਲੋਂ ਕਿਤੇ ਵੱਧ ਮਜ਼ਬੂਤ ਹਨ

ਪੰਜਾਬ ਸਰਕਾਰ ਬਾਲ ਵਿਆਹ ਮੁਕਤ ਸੂਬਾ ਬਣਾਉਣ ਵੱਲ ਦ੍ਰਿੜ੍ਹ: 111 ਮਾਮਲੇ ਰੋਕੇ – ਡਾ. ਬਲਜੀਤ ਕੌਰ

ਪੰਜਾਬ ਐਸ.ਜੀ.ਐਸ.ਟੀ. ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

ਪੰਜਾਬ ਵਾਸੀਆਂ ਨੂੰ ਗੌਰਵਮਈ ਵਿਰਸੇ ਨਾਲ ਜ਼ੋੜਣ ਲਈ ਪਿੰਡ ਪਧਰ ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਦੀ ਲੋੜ: ਭਾਈ ਅਜਨਾਲਾ

328 ਪਾਵਨ ਸਰੂਪਾਂ ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਜਨੀਤਿਕ, ਮੀਡੀਆ ਟਿੱਪਣੀ 'ਤੇ ਲਗਾਈ ਪਾਬੰਦੀ - ਜਾਂਚ ਖਤਮ ਹੋਣ ਤੱਕ ਰੋਕ ਦੇ ਆਦੇਸ਼

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਬਜਟ 2026 ਵਿੱਚ ਪੰਜਾਬ ਨੂੰ ਅਣਗੌਲਿਆਂ ਕਰਨਾ ਲੋਕਤੰਤਰ ਅਤੇ ਸੰਘਵਾਦ ਲਈ ਵੱਡਾ ਖ਼ਤਰਾ: ਵਿੱਤ ਮੰਤਰੀ ਚੀਮਾ

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਵੱਡੀ ਰਾਹਤ ’ਤੇ ਖੁਸ਼ੀ-ਛੀਨਾ

ਸੁਪਰੀਮ ਕੋਰਟ ਨੇ ਅਕਾਲੀ ਆਗੂ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਿੱਤੀ ਜ਼ਮਾਨਤ