ਚੰਡੀਗੜ੍ਹ- ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਅਤੇ ਵਰਕਰਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਰੁੱਧ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿੱਚ ਬਾਜਵਾ ਦੀ ਰਿਹਾਇਸ਼ ਦੇ ਬਾਹਰ 'ਬੈਂਡ-ਵਾਜੇ' ਨਾਲ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮੰਤਰੀ ਹਰਭਜਨ ਸਿੰਘ ਈ.ਟੀ.ਓ., ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸਿਹਤ ਮੰਤਰੀ ਡਾ. ਬਲਬੀਰ, ਮੋਹਿੰਦਰ ਭਗਤ, ਡਾ. ਰਵਜੋਤ, ਵਿਧਾਇਕ ਸ਼ੈਰੀ ਕਲਸੀ, ਕੁਲਜੀਤ ਰੰਧਾਵਾ, ਇੰਦਰਵੀਰ ਸਿੰਘ ਨਿੱਝਰ, ਨੀਨਾ ਮਿੱਤਲ, ਲਾਭ ਸਿੰਘ ਉਗੋਕੇ, ਚੇਤਨ ਸਿੰਘ ਜੋੜੇਮਾਜਰਾ, ਇੰਦਰਜੀਤ ਕੌਰ, ਚੇਅਰਮੈਨ ਹਰਚੰਦ ਸਿੰਘ ਬਰਸਟ, ਸੰਨੀ ਸਿੰਘ ਆਹਲੂਵਾਲੀਆ ਸਮੇਤ ਸੈਂਕੜੇ ਆਗੂ ਤੇ ਵਰਕਰ ਮੌਜੂਦ ਸਨ।
ਇਸ ਤੋਂ ਇਲਾਵਾ 'ਆਪ' ਆਗੂ ਜੋਬਨ ਰੰਧਾਵਾ ਦੀ ਅਗਵਾਈ ਹੇਠ ਕਾਦੀਆਂ (ਗੁਰਦਾਸਪੁਰ) ਵਿੱਚ ਵੀ ਪ੍ਰਤਾਪ ਬਾਜਵਾ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।ਬਾਜਵਾ 'ਤੇ ਨਿਸ਼ਾਨਾ ਸਾਧਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮਿਹਨਤ ਦੀ ਕਮਾਈ ਦਾ ਮਜ਼ਾਕ ਉਡਾਉਣਾ ਸ਼ਰਮਨਾਕ ਹੈ। ਕਿਸੇ ਦੇ ਪਿਤਾ ਵੱਲੋਂ ਇਮਾਨਦਾਰੀ ਨਾਲ ਕੀਤੇ ਕੰਮ ਦਾ ਮਜ਼ਾਕ ਉਡਾਉਣਾ ਅਤੇ ਪੂਰੇ ਭਾਈਚਾਰੇ ਨੂੰ ਨੀਵਾਂ ਦਿਖਾਉਣਾ, ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਮੇਰੇ ਪਿਤਾ ਇੱਕ 'ਬੈਂਡ ਮਾਸਟਰ' ਸਨ, ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਸਾਨੂੰ ਪੜ੍ਹਾਇਆ। ਮੈਂ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਅਤੇ ਆਪਣੀ ਕਾਬਲੀਅਤ ਦੇ ਦਮ 'ਤੇ ਇੱਥੇ ਪਹੁੰਚਿਆ ਹਾਂ। ਬਾਜਵਾ ਸਾਹਿਬ ਕਹਿ ਰਹੇ ਹਨ ਕਿ 'ਬੈਂਡ ਵਜਾਉਣ ਵਾਲੇ ਦੇ ਪੁੱਤ ਦਾ ਬੈਂਡ ਵਜਾ ਦਿਆਂਗੇ'। ਅਸੀਂ ਮਿਹਨਤ ਕੀਤੀ ਹੈ, ਕੋਈ ਸਮਗਲਿੰਗ ਜਾਂ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਨਹੀਂ ਕੀਤੀ। ਇਹ ਅਪਮਾਨ ਸਿਰਫ਼ ਮੇਰਾ ਨਹੀਂ, ਸਗੋਂ ਹਰ ਉਸ ਗਰੀਬ ਵਰਗ ਦਾ ਹੈ ਜੋ ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ।
ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਦੀ ਨਜ਼ਰ ਵਿੱਚ ਦਲਿਤ ਸਮਾਜ ਸਿਰਫ਼ ਇੱਕ 'ਮਟੀਰੀਅਲ' ਹੈ ਜਿਸ ਨੂੰ ਵੋਟਾਂ ਲਈ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇ ਵਿਧਾਨ ਸਭਾ ਵਿੱਚ ਕਿਹਾ ਕਿ 'ਪਤਾ ਨਹੀਂ ਇਹ ਮਟੀਰੀਅਲ ਕਿੱਥੋਂ ਆ ਗਿਆ'। ਇਨ੍ਹਾਂ ਲਈ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਜਾਂ ਇੱਕ ਗਰੀਬ ਦਾ ਬੱਚਾ ਵਿਧਾਇਕ ਨਹੀਂ ਬਣ ਸਕਦਾ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਵਿੱਚ ਸਭ ਨੂੰ ਬਰਾਬਰੀ ਦਿੱਤੀ ਹੈ, ਪਰ ਕਾਂਗਰਸ ਦੀ ਸਾਮੰਤਵਾਦੀ ਸੋਚ ਅੱਜ ਵੀ ਉਹੀ ਹੈ। ਰਾਜਾ ਵੜਿੰਗ ਅਤੇ ਬਾਜਵਾ ਵਰਗੇ ਲੋਕ ਖ਼ੁਦ ਨੂੰ ਰਾਜੇ ਸਮਝਦੇ ਹਨ ਅਤੇ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ 6 ਦਲਿਤ ਮੰਤਰੀ ਆਮ ਘਰਾਂ ਤੋਂ ਉੱਠ ਕੇ ਸ਼ਾਨਦਾਰ ਕੰਮ ਕਰ ਰਹੇ ਹਨ।
ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਦਿਆਂ ਈ.ਟੀ.ਓ. ਨੇ ਕਿਹਾ ਕਿ ਇੱਕ ਪਾਸੇ ਇਹ ਲੋਕ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਇੱਕ ਰੈਲੀ ਵਿੱਚ 1200 ਲੋਕਾਂ ਦੇ ਸਾਹਮਣੇ ਖੁੱਲ੍ਹੇਆਮ ਕਹਿ ਰਹੇ ਹਨ ਕਿ 'ਈ.ਟੀ.ਓ. ਦੀ ਧੌਣ ਮਰੋੜ ਦਿਓ, ਸਿਰਫ਼ 3 ਮਿੰਟ ਲੱਗਦੇ ਹਨ'। ਕੀ ਇਹ ਜੰਗਲ ਰਾਜ ਨਹੀਂ ਹੈ? ਤੁਸੀਂ ਆਪਣੇ ਵਰਕਰਾਂ ਨੂੰ ਇੱਕ ਚੁਣੇ ਹੋਏ ਨੁਮਾਇੰਦੇ 'ਤੇ ਹਮਲਾ ਕਰਨ ਲਈ ਉਕਸਾ ਰਹੇ ਹੋ ਤਾਂ ਜੋ ਕੋਈ ਗਰੀਬ ਦਾ ਬੱਚਾ ਦੁਬਾਰਾ ਰਾਜਨੀਤੀ ਵਿੱਚ ਆਉਣ ਦੀ ਹਿੰਮਤ ਨਾ ਕਰੇ। ਅਸੀਂ ਇਸ ਗੁੰਡਾਗਰਦੀ ਅਤੇ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ।
ਆਪਣੀ ਸਿੱਖਿਆ ਦੇ ਸੰਘਰਸ਼ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਤਾ ਦੀ ਮੌਤ ਦੇ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਪ੍ਰੀਖਿਆ ਪਾਸ ਕੀਤੀ ਤਾਂ ਜੋ ਉਨ੍ਹਾਂ ਦੇ ਪਿਤਾ ਦਾ ਸੁਪਨਾ ਪੂਰਾ ਹੋ ਸਕੇ।
ਉਨ੍ਹਾਂ ਕਿਹਾ, "ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕਰ ਰਿਹਾ ਹਾਂ। ਮੇਰੇ ਹਲਕੇ ਵਿੱਚ 163 ਸਰਕਾਰੀ ਸਕੂਲ ਹਨ ਅਤੇ ਮੇਰੀ ਕੋਸ਼ਿਸ਼ ਹੈ ਕਿ ਹਰ ਘਰ ਵਿੱਚੋਂ ਇੱਕ 'ਈ.ਟੀ.ਓ.' ਪੈਦਾ ਹੋਵੇ। ਅਸੀਂ ਸਿੱਖਿਆ ਕ੍ਰਾਂਤੀ ਇਸ ਲਈ ਸ਼ੁਰੂ ਕੀਤੀ ਤਾਂ ਜੋ ਗਰੀਬ ਅਤੇ ਅਮੀਰ ਦੇ ਬੱਚੇ ਵਿਚਕਾਰਲਾ ਫਰਕ ਖ਼ਤਮ ਹੋ ਸਕੇ। ਕਾਂਗਰਸ ਇਸੇ ਗੱਲ ਤੋਂ ਡਰੀ ਹੋਈ ਹੈ ਕਿ ਜੇਕਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਇਨ੍ਹਾਂ ਦੀ ਰਾਜਨੀਤੀ ਖ਼ਤਮ ਹੋ ਜਾਵੇਗੀ।"
ਮੰਤਰੀ ਈ.ਟੀ.ਓ. ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਪਰ ਬਾਜਵਾ ਸਾਹਿਬ ਘਰ ਛੱਡ ਕੇ ਭੱਜ ਗਏ। ਉਹ ਜਿੱਥੇ ਵੀ ਭੱਜਣਗੇ, ਸਾਡੇ ਲੋਕ ਉੱਥੇ ਉਨ੍ਹਾਂ ਦਾ ਘਿਰਾਓ ਕਰਨਗੇ। ਇਨ੍ਹਾਂ ਦੀਆਂ ਰੈਲੀਆਂ ਵਿੱਚ ਲੋਕ ਤੜਫ ਕੇ ਮਰ ਜਾਂਦੇ ਹਨ ਅਤੇ ਇਹ ਭਾਸ਼ਣ ਦੇਣਾ ਬੰਦ ਨਹੀਂ ਕਰਦੇ। ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਤੁਰੰਤ ਮੁਆਫੀ ਨਾ ਮੰਗੀ, ਤਾਂ ਅਸੀਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। 2027 ਵਿੱਚ ਪੰਜਾਬ ਦੀ ਜਨਤਾ ਇਸ ਹੰਕਾਰੀ ਮਾਨਸਿਕਤਾ ਨੂੰ ਜੜ੍ਹ ਤੋਂ ਉਖਾੜ ਸੁੱਟੇਗੀ।
*ਬਾਜਵਾ ਨੇ ਸਾਡੇ ਜੱਦੀ ਕੰਮ 'ਤੇ ਭੱਦੀ ਟਿੱਪਣੀ ਕੀਤੀ, ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ: ਸੁਰਿੰਦਰ ਕੌਰ*
ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਬਾਜਵਾ ਨੇ ਸਾਡੇ ਜੱਦੀ ਕੰਮ 'ਤੇ ਭੱਦੀ ਟਿੱਪਣੀ ਕੀਤੀ ਹੈ। 'ਬਾਜਾ ਵਜਾਉਣ ਵਾਲਾ' ਕਹਿ ਕੇ ਇਸ ਕੰਮ ਨੂੰ ਨਕਾਰਿਆ ਹੈ, ਜਦਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਬਹੁਤ ਭੜਕਾਊ ਬਿਆਨ ਦਿੱਤਾ ਕਿ 'ਈ.ਟੀ.ਓ. ਦੀ ਤਿੰਨ ਮਿੰਟ ਵਿੱਚ ਧੌਣ ਮਰੋੜ ਦਿਓ'। ਉਨ੍ਹਾਂ ਕਿਹਾ ਕਿ ਇੱਕ ਪਾਸੇ ਵੜਿੰਗ ਸਾਹਮਣੇ ਬੈਠੇ 1000-1500 ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਜੇ ਪਾਸੇ ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਜੰਗਲ ਰਾਜ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖ਼ਰਾਬ ਹੈ।
*'ਆਪ' ਨੇ ਰਾਜਨੀਤੀ ਵਿੱਚੋਂ ਪਰਿਵਾਰਵਾਦ ਨੂੰ ਖ਼ਤਮ ਕਰਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਦਿੱਤੀ ਪਛਾਣ: ਹਰਪਾਲ ਸਿੰਘ ਚੀਮਾ*
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਾਰਟੀਆਂ ਨੇ ਹਮੇਸ਼ਾ 'ਪਰਿਵਾਰਵਾਦ' ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਪਾਰਟੀਆਂ ਵਿੱਚ ਕੁਝ ਗਿਣੇ-ਚੁਣੇ ਪਰਿਵਾਰਾਂ ਦਾ ਹੀ ਰਾਜ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ (ਆਪ) ਨੇ ਇਸ ਧਾਰਨਾ ਨੂੰ ਤੋੜ ਕੇ ਆਮ ਘਰਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਅਤੇ ਕੈਬਨਿਟ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ 'ਆਪ' ਦੇ ਵਿਰੋਧ ਦਾ ਮਕਸਦ ਉਨ੍ਹਾਂ ਲੋਕਾਂ ਦੀ ਸੋਚ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣਾ ਸੀ ਜੋ ਉਨ੍ਹਾਂ ਉੱਚੇ ਮਹਿਲਾਂ ਦੇ ਅੰਦਰ ਬੈਠ ਕੇ ਦਲਿਤਾਂ ਨਾਲ ਨਫ਼ਰਤ ਕਰਦੇ ਹਨ।
ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ੀ ਸੋਚ ਕਾਰਨ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ। ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵੀ ਇਸ ਕ੍ਰਾਂਤੀ ਨੂੰ ਅਪਣਾਇਆ। 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਡਾਕਟਰ, ਵਕੀਲ, ਪ੍ਰੋਫੈਸਰ ਅਤੇ ਸਾਬਕਾ ਫੌਜੀ ਅਧਿਕਾਰੀਆਂ ਵਰਗੇ ਆਮ ਪਿਛੋਕੜ ਵਾਲੇ ਲੋਕ ਪਹੁੰਚੇ। 2022 ਵਿੱਚ ਪੰਜਾਬ ਦੀ ਜਨਤਾ ਨੇ ਇਸ ਕਾਫਲੇ ਨੂੰ 92 ਸੀਟਾਂ ਤੱਕ ਪਹੁੰਚਾ ਕੇ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਵੰਸ਼ਵਾਦ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ।
ਕੈਬਨਿਟ ਮੰਤਰੀ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਆਗੂ ਜਾਤੀਗਤ ਟਿੱਪਣੀਆਂ ਅਤੇ ਰੰਗ-ਭੇਦ ਦੀ ਰਾਜਨੀਤੀ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਉੱਚ ਸਿੱਖਿਆ ਪ੍ਰਾਪਤ ਅਤੇ ਪੀਸੀਐੱਸ ਪ੍ਰੀਖਿਆ ਪਾਸ ਕਰਨ ਵਾਲੇ ਸਾਡੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਯੋਗਤਾ 'ਤੇ ਸਵਾਲ ਉਠਾਏ ਜਾ ਰਹੇ ਹਨ। ਕਾਂਗਰਸ ਦੀ ਮਾਨਸਿਕਤਾ ਅੱਜ ਵੀ ਉਹੀ ਹੈ ਕਿ ਇੱਕ ਗਰੀਬ ਦਾ ਪੁੱਤਰ ਅੱਗੇ ਨਾ ਵਧੇ।
ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿੱਤੇ ਗਏ 'ਬਰਾਬਰੀ ਦੇ ਅਧਿਕਾਰ' ਕਾਰਨ ਹੀ ਅੱਜ ਇੱਕ ਰਿਕਸ਼ਾ ਚਾਲਕ ਦਾ ਪੁੱਤਰ ਆਈਏਐੱਸ ਬਣ ਰਿਹਾ ਹੈ ਅਤੇ ਆਮ ਘਰਾਂ ਦੇ ਨੌਜਵਾਨ ਪੰਜਾਬ ਕੈਬਨਿਟ ਦਾ ਹਿੱਸਾ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਵਿੱਚ 6 ਮੰਤਰੀ ਦਲਿਤ ਵਰਗ ਤੋਂ ਹਨ, ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਦੀ ਜਨਤਾ ਇਨ੍ਹਾਂ ਹੰਕਾਰੀ ਅਤੇ ਪਰਿਵਾਰਵਾਦੀ ਪਾਰਟੀਆਂ ਨੂੰ ਇੱਕ ਵਾਰ ਫਿਰ ਕਰਾਰਾ ਸਬਕ ਸਿਖਾਏਗੀ
*ਕਾਂਗਰਸੀਆਂ ਦੀ ਦਲਿਤ ਵਿਰੋਧੀ ਮਾਨਸਿਕਤਾ ਸਭ ਦੇ ਸਾਹਮਣੇ ਆ ਗਈ ਹੈ: ਡਾ. ਬਲਬੀਰ*
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ। ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਮਿਹਨਤ ਕਰਨ ਵਾਲਿਆਂ ਨੂੰ ਕੁਝ ਨਹੀਂ ਸਮਝਦੀ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ। ਉਨ੍ਹਾਂ ਦੇ ਬਿਆਨ ਛੋਟੇ (ਆਮ) ਲੋਕਾਂ ਪ੍ਰਤੀ ਉਨ੍ਹਾਂ ਦੀ ਘਟੀਆ ਮਾਨਸਿਕਤਾ ਅਤੇ ਨਫ਼ਰਤ ਨੂੰ ਦਰਸਾਉਂਦੇ ਹਨ।
*ਬਾਜਵਾ ਦੇ ਅਪਮਾਨਜਨਕ ਸ਼ਬਦ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੰਜਾਬ ਦੇ ਪੂਰੇ ਦਲਿਤ ਅਤੇ ਮਿਹਨਤਕਸ਼ ਵਰਗ ਦਾ ਅਪਮਾਨ ਹੈ: ਵਿਧਾਇਕਾ ਇੰਦਰਜੀਤ ਕੌਰ*
ਵਿਧਾਇਕਾ ਇੰਦਰਜੀਤ ਕੌਰ ਨੇ ਵੀ ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ 'ਦਲਿਤ ਵਿਰੋਧੀ' ਮਾਨਸਿਕਤਾ ਹੁਣ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਰੁੱਧ ਬੋਲੇ ਗਏ ਅਪਮਾਨਜਨਕ ਸ਼ਬਦ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੰਜਾਬ ਦੇ ਉਸ ਪੂਰੇ ਦਲਿਤ ਅਤੇ ਮਿਹਨਤਕਸ਼ ਵਰਗ ਦਾ ਅਪਮਾਨ ਹਨ।
ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਈ.ਟੀ.ਓ. ਵਿਰੁੱਧ ਕੀਤੀ ਗਈ ਹਿੰਸਕ ਟਿੱਪਣੀ ਨੂੰ ਗੰਭੀਰ ਦੱਸਦਿਆਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਸਧਾਰਨ ਘਰਾਂ ਦੇ ਲੋਕਾਂ ਦੀ ਪਾਰਟੀ ਹੈ, ਜਦਕਿ ਕਾਂਗਰਸ ਭ੍ਰਿਸ਼ਟਾਚਾਰ ਅਤੇ ਹੰਕਾਰ ਵਿੱਚ ਡੁੱਬੀ ਹੋਈ ਹੈ।
ਵਿਧਾਇਕਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਰੋਧੀ ਆਗੂਆਂ ਨੇ ਆਪਣੀ ਜ਼ੁਬਾਨ ਅਤੇ ਸੋਚ ਨੂੰ ਲਗਾਮ ਨਾ ਦਿੱਤੀ, ਤਾਂ ਪੰਜਾਬ ਦੀ ਜਨਤਾ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਵੇਗੀ ਅਤੇ 2027 ਵਿੱਚ ਸਾਰੀਆਂ 117 ਸੀਟਾਂ 'ਤੇ ਜਿੱਤ ਦਰਜ ਕਰਕੇ ਉਨ੍ਹਾਂ ਦੇ ਸਿਆਸੀ ਹੰਕਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ।
*ਕਾਂਗਰਸ ਦੀ 'ਦਲਿਤ ਵਿਰੋਧੀ' ਅਤੇ 'ਪਰਿਵਾਰਵਾਦੀ' ਮਾਨਸਿਕਤਾ ਨੂੰ ਪੰਜਾਬ ਦੀ ਜਨਤਾ 2027 ਵਿੱਚ ਸਬਕ ਸਿਖਾਏਗੀ: ਸ਼ੈਰੀ ਕਲਸੀ*
ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੇ ਪੁਰਾਣੇ ਸਿਆਸੀ ਘਰਾਣੇ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਅਤੇ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣਾ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂਆਂ ਦੇ ਮਨ ਵਿੱਚ ਇਹ ਹੰਕਾਰ ਭਰਿਆ ਹੋਇਆ ਹੈ ਕਿ ਸੱਤਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਤੱਕ ਹੀ ਸੀਮਤ ਰਹਿਣੀ ਚਾਹੀਦੀ ਹੈ, ਇਸੇ ਲਈ ਉਹ ਕਦੇ ਕੈਬਨਿਟ ਮੰਤਰੀਆਂ ਨੂੰ 'ਮਟੀਰੀਅਲ' ਕਹਿੰਦੇ ਹਨ ਤੇ ਕਦੇ ਹਿੰਸਕ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੋ ਆਗੂ 2027 ਵਿੱਚ ਵਾਪਸੀ ਦਾ ਭਰਮ ਪਾਲੀ ਬੈਠੇ ਹਨ, ਉਨ੍ਹਾਂ ਨੂੰ ਪੰਜਾਬ ਦੀ ਜਨਤਾ ਵੱਡੀ ਹਾਰ ਦਾ ਸੁਆਦ ਚਖਾਏਗੀ।
ਪ੍ਰਦਰਸ਼ਨ ਦੌਰਾਨ ਪ੍ਰਤਾਪ ਬਾਜਵਾ ਦੇ ਘਰ ਦਾ ਘਿਰਾਓ ਕਰਨ ਜਾ ਰਹੇ 'ਆਪ' ਆਗੂਆਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਹੋਈ, ਜੋ ਦੇਖਦੇ ਹੀ ਦੇਖਦੇ ਉਗਰ ਹੋ ਗਈ। 'ਆਪ' ਆਗੂਆਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ (ਪਾਣੀ ਦੀਆਂ ਬੌਛਾਰਾਂ) ਦੀ ਵਰਤੋਂ ਕੀਤੀ, ਜਿਸ ਵਿੱਚ ਕਈ ਆਗੂ ਤੇ ਵਰਕਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਈ ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।