ਸਰੀ- ਪੈਸੀਫਿਕ ਅਕੈਡਮੀ ਸਕੂਲ ਸਰੀ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਆਪਣੇ ਅਧਿਆਪਕ ਕ੍ਰਿਸ ਵੈਨਡਜ਼ੂਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਣ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਪਹੁੰਚੇ। ਇਹਨਾਂ ਵਿਦਿਆਰਥੀਆਂ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਘਰ ਦੀ ਮਰਯਾਦਾ ਅਤੇ ਮੁੱਢਲੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਸਿੱਖ ਧਰਮ, ਗੁਰਬਾਣੀ ਅਤੇ ਗੁਰਦੁਆਰਾ ਸਾਹਿਬ ਦੀ ਰੂਪ-ਰੇਖਾ ਬਾਰੇ ਸਵਾਲ ਪੁੱਛੇ। ਤਕਰੀਬਨ ਇੱਕ ਘੰਟਾ ਚੱਲੀ ਇਸ ਵਿਚਾਰ-ਚਰਚਾ ਦੌਰਾਨ ਵਿਦਿਆਰਥੀਆਂ ਨੇ ਸਿੱਖ ਸੱਭਿਆਚਾਰ ਨੂੰ ਨੇੜਿਓਂ ਸਮਝਿਆ।
ਦਰਬਾਰ ਹਾਲ ਵਿੱਚ ਗੁਰਬਾਣੀ ਕੀਰਤਨ ਦੀ ਸਮਾਪਤੀ ਸਮੇਂ ਨਤਮਸਤਕ ਹੁੰਦੀਆਂ ਸੰਗਤਾਂ ਅਤੇ ਸ਼ਰਧਾ ਦੇਖ ਕੇ ਵਿਦਿਆਰਥੀ ਕਾਫੀ ਪ੍ਰਭਾਵਿਤ ਹੋਏ। ਇਸ ਦੌਰਾਨ ਤੀਜੀ ਮੰਜ਼ਿਲ 'ਤੇ ਚੱਲ ਰਹੇ ਸਹਿਜ ਪਾਠ ਦੀ ਆਰੰਭਤਾ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਮਿਲੀ। ਕਈ ਵਿਦਿਆਰਥੀ ਅਜਿਹੇ ਸਨ ਜੋ ਪਹਿਲੀ ਵਾਰ ਕਿਸੇ ਗੁਰਦੁਆਰਾ ਸਾਹਿਬ ਵਿੱਚ ਆਏ ਸਨ।
ਦਰਸ਼ਨਾਂ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲੰਗਰ ਹਾਲ ਵਿੱਚ ਬੈਠ ਕੇ ਪ੍ਰੇਮ ਨਾਲ ਲੰਗਰ ਛਕਿਆ। ਅਧਿਆਪਕ ਕ੍ਰਿਸ ਵੈਨਡਜ਼ੂਰਾ, ਜੋ ਅਕਸਰ ਵਿਦਿਆਰਥੀਆਂ ਨੂੰ ਇੱਥੇ ਲੈ ਕੇ ਆਉਂਦੇ ਹਨ, ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਵਿਦਿਆਰਥੀ ਇੱਕ ਸੁਖਦ ਅਨੁਭਵ ਲੈ ਕੇ ਵਾਪਸ ਆਪਣੇ ਸਕੂਲ ਲਈ ਰਵਾਨਾ ਹੋਏ।