ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੰਮ੍ਰਿਤਸਰ ਧਰਨੇ ਦੌਰਾਨ ਦਿੱਤੇ ਗਏ ਬਿਆਨ 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਜਾਖੜ ਸਾਹਿਬ ਕਹਿ ਰਹੇ ਸਨ ਕਿ ਪੰਜਾਬ ਵਾਲਿਆਂ ਨੂੰ 'ਬਾਹਰਲਿਆਂ' ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।
ਪੰਨੂ ਨੇ ਜਾਖੜ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਜਾਖੜ ਸਾਹਿਬ ਪਿਛਲੇ ਦਿਨੀਂ ਜੋ ਤੁਹਾਡੇ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਮੋਗਾ ਵਿੱਚ ਰੈਲੀ ਕਰਨ ਆਏ ਸਨ, ਕੀ ਉਹ ਕੋਟਕਪੂਰਾ ਤੋਂ ਚੱਲ ਕੇ ਆਏ ਸਨ? ਜੋ ਲੋਕ ਖੁਦ ਦਿੱਲੀ ਦੇ ਇਸ਼ਾਰਿਆਂ 'ਤੇ ਪੰਜਾਬ ਦੀ ਸਿਆਸਤ ਕਰ ਰਹੇ ਹਨ, ਉਨ੍ਹਾਂ ਨੂੰ ਦੂਜਿਆਂ ਨੂੰ ਬਾਹਰੀ ਦੱਸਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਬਲਤੇਜ ਪੰਨੂ ਨੇ ਭਾਜਪਾ ਅਤੇ ਜਾਖੜ 'ਤੇ ਹਮਲਾ ਬੋਲਦਿਆਂ ਕਿਹਾ ਕਿ ਤੁਹਾਨੂੰ ਅਸਲ ਤਕਲੀਫ਼ ਇਸ ਗੱਲ ਦੀ ਹੈ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਸਧਾਰਨ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਹੈ। ਤੁਹਾਡੇ ਵਰਗੇ ਰਸੂਖਦਾਰ ਆਗੂਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇੱਕ ਆਮ ਇਨਸਾਨ ਸੱਤਾ ਦੀ ਕੁਰਸੀ 'ਤੇ ਬੈਠ ਕੇ ਜਨਤਾ ਦੀ ਸੇਵਾ ਕਿਵੇਂ ਕਰ ਰਿਹਾ ਹੈ। ਤੁਸੀਂ ਧਰਨੇ ਵਿੱਚ ਜੋ ਵੀ ਜ਼ਹਿਰ ਉਗਲਿਆ ਹੈ, ਪੰਜਾਬ ਦੇ ਲੋਕ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸੂਬੇ ਦੀ ਜਨਤਾ ਜਾਣਦੀ ਹੈ ਕਿ ਅਸਲੀ 'ਚਿੱਟੇ' ਅਤੇ ਭ੍ਰਿਸ਼ਟਾਚਾਰ ਦੇ ਸਰਪ੍ਰਸਤ ਕੌਣ ਰਹੇ ਹਨ।
ਸੁਨੀਲ ਜਾਖੜ ਦੀ ਸਿਆਸੀ ਵਫ਼ਾਦਾਰੀ 'ਤੇ ਸਵਾਲ ਉਠਾਉਂਦੇ ਹੋਏ ਪੰਨੂ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਤੁਹਾਨੂੰ ਮਾਣ-ਸਤਿਕਾਰ ਦਿੱਤਾ, ਵੱਡੇ-ਵੱਡੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ, ਜਦੋਂ ਤੁਸੀਂ ਉਨ੍ਹਾਂ ਦੇ ਸਕੇ ਨਹੀਂ ਹੋ ਸਕੇ, ਤਾਂ ਤੁਸੀਂ ਪੰਜਾਬ ਅਤੇ ਪੰਜਾਬੀਅਤ ਦੇ ਕੀ ਸਕੇ ਹੋਵੋਗੇ? ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣੀ ਪੁਰਾਣੀ ਪਾਰਟੀ ਅਤੇ ਵਿਚਾਰਧਾਰਾ ਦਾ ਵਫ਼ਾਦਾਰ ਨਹੀਂ ਰਿਹਾ, ਉਹ ਅੱਜ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦਾ ਢੋਂਗ ਕਰ ਰਿਹਾ ਹੈ।
ਆੜ੍ਹਤੀਆਂ ਅਤੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਦੇ ਹੋਏ ਪੰਨੂ ਨੇ ਸਪੱਸ਼ਟ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਆੜ੍ਹਤੀਆਂ ਅਤੇ ਕਿਸਾਨਾਂ ਦੇ ਮਸਲੇ ਨੂੰ ਉਲਝਾਇਆ ਹੋਇਆ ਹੈ। ਕੇਂਦਰ ਵਿੱਚ ਆਪਣੀ ਸਰਕਾਰ ਦੀਆਂ ਨਾਕਾਮੀਆਂ ਅਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜਾਖੜ ਸਾਹਿਬ ਅੱਜ ਝੂਠ ਅਤੇ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਹੇ ਹਨ। ਪੰਜਾਬ ਦੀ ਜਨਤਾ ਹੁਣ ਤੁਹਾਡੇ ਇਨ੍ਹਾਂ ਗੁੰਮਰਾਹਕੁੰਨ ਪ੍ਰਦਰਸ਼ਨਾਂ ਅਤੇ ਝੂਠੀ ਬਿਆਨਬਾਜ਼ੀ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ।