ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ’ਤੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਗਮਾਡਾ ਵੱਲੋਂ ਸਕੀਮ ਤਹਿਤ ਲਈ ਜ਼ਮੀਨ ਦੇ ਪੈਸਿਆਂ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀ ਜਗ੍ਹਾ ਵੇਚਣ ਦੇ ਲਗਾਏ ਗਏ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਦੋਸ਼ ਹਨ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਾਲ ਸਬੰਧਤ ਜਗ੍ਹਾ ਵੇਚਣ ਅਤੇ ਖਰੀਦਣ ਦਾ ਕਾਰਜ ਬਿਲਕੁਲ ਨਿਯਮਾਂ ਅਨਸੁਾਰ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਗਮਾਡਾ ਵੱਲੋਂ ਲਈ ਗਈ ਜ਼ਮੀਨ ਦੀ ਰਕਮ ਵੀ ਨਿਯਮਾਂ ਅਨੁਸਾਰ ਹੈ। ਇਸ ਸਬੰਧੀ ਬੇਬੁਨਿਆਦ ਦੋਸ਼ ਲਗਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕਰਨਾ ਅਤੇ ਸੰਗਤ ਨੂੰ ਗੁਮਰਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਨਹੀਂ ਤਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵੱਲੋਂ ਇਨ੍ਹਾਂ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ।ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਹੋਲੇ ਮੁਹੱਲੇ ਤੋ ਬਾਅਦ ਉਹ ਸੈਕੜੇ ਸਾਥੀਆਂ ਨਾਲ ਐਡਵੋਕੇਟ ਧਾਮੀ ਦੇ ਨਗਰ ਵਿਖੇ ਆ ਕੇ ਉਨਾਂ ਨੂੰ ਸਬੂਤ ਦੇਣਗੇ। ਉਨਾਂ ਕਿਹਾ ਕਿ ਮੈਂ ਐਡਵੋੇਕੇਟ ਧਾਮੀ ਦੇ ਇਸ ਕਥਨ ਦਾ ਸਵਾਗਤ ਕਰਦਾ ਹਾਂ। ਗੁਰਦੁਆਰਾ ਭੱਠਾ ਸਾਹਿਬ ਦਾ ਮਾਮਲਾ ਐਡਵੋਕੇਟ ਸਤਨਾਮ ਸਿੰਘ ਗਿੱਲ ਨੇ ਉਠਾਇਆ ਸੀ ਤੇ ਸਬੂਤ ਵੀ ਦਿੱਤੇ ਸਨ। ਉਹੀ ਸਬੂਤਾਂ ਦੀ ਕਾਪੀ ਮੈਂ ਅੰਮ੍ਰਿਤਸਰ ਪ੍ਰੈਸ ਦੇ ਸਾਹਮਣੇ ਮੁਹਈਆ ਕਰਵਾਈ ਸੀ। ਹੋਰ ਵੀ ਸਬੂਤ ਤੁਹਾਨੂੰ ਅਤੇ ਅਦਾਲਤ ਦੇ ਵਿੱਚ ਦਿੱਤੇ ਜਾਣਗੇ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਭੱਠਾ ਸਾਹਿਬ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਹੀ ਮੈਨੇਜਰਾਂ ਨੂੰ ਇਹ ਚਿੱਠੀਆਂ ਜਾਰੀ ਨਾ ਕਰੋ ਕਿਉਂਕਿ ਭਵਿੱਖ ਦੇ ਵਿੱਚ ਅਸੀਂ ਹਰ ਮਾਮਲਾ ਚੁੱਕਣ ਵਾਲੇ ਹਾਂ, ਇਸ ਲਈ ਹਰ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਸਰਕੂਲਰ ਜਾਰੀ ਕਰੋ ਕਿ ਜਿਹੜੇ ਜਿਹੜੇ ਗੁਰਦੁਆਰੇ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਚੁਕੇਗਾ ਉਹ ਗੁਰਦੁਆਰਾ ਸਾਹਿਬ ਦਾ ਮੈਨੇਜਰ ਉਹਦੇ ਤੇ ਮਾਨਹਾਨੀ ਦਾ ਕੇਸ ਦਾਇਰ ਕਰੇ।