ਅੰਮ੍ਰਿਤਸਰ-¸ਖਾਲਸਾ ਕਾਲਜ ਦੇ 10 ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਬਤੌਰ ਸਾਂਝੀਵਾਲਤਾ ਪ੍ਰਬੰਧਕ (ਰਿਲੇਸ਼ਨਸ਼ਿਪ ਮੈਨੇਜਰ) ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਚੁਣਿਆ ਗਿਆ ਹੈ। ਉਕਤ ਸਬੰਧੀ ਭਰਤੀ ਪ੍ਰੀਕ੍ਰਿਆ ਦੀ ਸ਼ੁਰੂਆਤ ਉਪਰੋਕਤ ਬੈਂਕ ਦੇ ਐੱਚ. ਆਰ ਮੈਨੇਜਰ ਸ੍ਰੀਮਤੀ ਆਰਤੀ ਸ਼ਰਮਾ ਵੱਲੋਂ ਸੰਖੇਪ ਓਰੀਐਂਟੇਸ਼ਨ ਨਾਲ ਕੀਤੀ ਗਈ, ਜਿਸ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਨਲਾਈਨ ਪ੍ਰੀਖਿਆ ਪ੍ਰੀਕ੍ਰਿਆ ਦਾ ਹਿੱਸਾ ਬਣੇ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ. ਸੀ. ਆਈ. ਸੀ. ਆਈ. ਬੈਂਕ ਭਾਰਤ ਦੀਆਂ ਪ੍ਰਮੱਖ ਨਿੱਜੀ ਬੈਂਕਾਂ ’ਚੋਂ ਇਕ ਹੈ ਜੋ ਦੇਸ਼ ਅਤੇ ਵਿਦੇਸ਼ ’ਚ ਆਪਣੀ ਮਜ਼ਬੂਤ ਹਾਜ਼ਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਅਗਲੇ ਇੰਟਰਵਿਊ ਲਈ ਚੁਣਿਆ ਗਿਆ ਜਿੰਨ੍ਹਾਂ ’ਚੋਂ 10 ਵਿਦਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਬੈਂਕਿੰਗ ਦੇ ਵੱਖ-ਵੱਖ ਖੇਤਰਾਂ ’ਚ ਵਿਅਵਾਹਕ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਉਕਤ ਬੈਂਕ ਨੇ ਚੁਣੇ ਗਏ ਵਿਦਿਆਰਥੀਆਂ ਨੂੰ 5.0 ਐੱਲ. ਪੀ. ਏ. ਦਾ ਪੈਕੇਜ ਪੇਸ਼ ਕੀਤਾ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਸੰਸਥਾ ਦੀ ਉਦਯੋਗ-ਸਬੰਧਿਤ ਹੁਨਰਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਸਫ਼ਲ ਕਰੀਅਰ ਲਈ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਪ੍ਰਾਪਤੀ ਲਈ ਫ਼ੈਕਲਟੀ ਅਤੇ ਵਿਦਿਆਰਥੀ ਦੋਵੇਂ ਵਧਾਈ ਦੇ ਪਾਤਰ ਹਨ। ਉਨ੍ਹਾਂ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਕਾਦਮਿਕ ਅਤੇ ਪੇਸ਼ੇਵਰ ਸਫ਼ਰ ਦੇ ਇਸ ਦਿਲਚਸਪ ਨਵੇਂ ਅਧਿਆਏ ’ਚ ਉਨ੍ਹਾਂ ਨੂੰ ਵੱਡੀ ਸਫ਼ਲਤਾ ਲਈ ਅਸ਼ੀਰਵਾਦ ਦਿੱਤਾ।
ਇਸ ਮੌਕੇ ਉਨ੍ਹਾਂ ਸਮੇਂ ਸਮੇਂ ਤੇ ਵਿਦਿਆਰਥੀਆਂ ਲਈ ਅਜਿਹੀਆਂ ਪਲੇਸਮੈਂਟ ਡਰਾਈਵਾਂ ਦਾ ਆਯੋਜਨ ਕਰਨ ’ਤੇ ਟ੍ਰੇਨਿੰਗ ਅਤੇ ਪਲੇਸਮੈਂਟ ਸੱੈਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਮਨੀ ਅਰੋੜਾ ਅਤੇ ਸਹਾਇਕ ਡਾਇਰੈਕਟਰ ਡਾ. ਅਨੁੂਰੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਸਫ਼ਲਤਾ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰਸ ਪੋ੍ਰ. ਰੋਹਿਤ ਕਾਕੜੀਆ, ਪੋ੍ਰ. ਹਰਿਆਲੀ ਢਿੱਲੋਂ, ਪੋ੍ਰ. ਅਪਨੀਤ ਕੌਰ, ਪੋ੍ਰ. ਵਿਸ਼ਾਲ ਸ਼ਰਮਾ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸੀ।