ਅੰਮ੍ਰਿਤਸਰ-ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿਚ ਨਜਰਬੰਦ ਖਾੜਕੂ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਨੇ ਸਾਰੀਆਂ ਪੰਥਕ ਧਿਰਾਂ ਨੂੰ ਏਕਤਾ ਦੀ ਅਪੀਲ ਕੀਤੀ ਹੈ। ਅੱਜ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਆਏ ਭਾਈ ਖਾਨਪੁਰੀ ਨੇ ਕਿਹਾ ਕਿ ਆਪਸੀ ਮਤਭੇਦਾਂ ਕਾਰਨ ਪੰਥਕ ਸ਼ਕਤੀ ਕਮਜੋਰ ਹੋਈ ਹੈ ਤੇ ਇਸ ਦਾ ਲਾਭ ਸਿੱਖ ਵਿਰੋਧੀ ਤਾਕਤਾਂ ਚੁੱਕ ਰਹੀਆਂ ਹਨ। ਪੰਥਕ ਸ਼ਕਤੀ ਦੇ ਕਮਜੋਰ ਹੋਣ ਕਾਰਨ ਹੀ ਅੱਜ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਮਣਾ ਕਰਨ ਪੈ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਹਲਾਤਾਂ ਵਿਚ ਪੰਥ ਦੀਆਂ ਸਾਰੀਆਂ ਹੀ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਸਾਲ 2027 ਦੀਆਂ ਚੋਣਾ ਵਿਚ ਭਾਗ ਲੈ ਕੇ ਪੰਜਾਬ ਵਿਚ ਨਿਰੋਲ ਪੰਥਕ ਸਰਕਾਰ ਦਾ ਗਠਨ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਿੱਖ ਪਹਿਚਾਣ ਬਚਾਈ ਜਾ ਸਕੇ।ਉਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋ ਕੱਢੀ ਜਾ ਰਹੀ ਖ਼ਾਲਸਾ ਵਹੀਰ ਦੀ ਸ਼ਲਾਘਾ ਕਰਦਿਆਂ ਪੰਜਾਬ ਵਾਸੀਆਂ ਨੂੰ ਇਸ ਖਾਲਸਾ ਵਹੀਰ ਵਿਚ ਵਧ ਤੋ ਵਧ ਗਿਣਤੀ ਵਿਚ ਸ਼ਾਮਲ ਹੋਣ ਤੇ ਸਮਰਥਣ ਦੇਣ ਦੀ ਅਪੀਲ ਕੀਤੀ। ਇਸ ਤੋ ਪਹਿਲਾਂ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਨੂੰ ਭਾਰੀ ਸੁਰਖਿਆ ਪ੍ਰਬੰਧਾ ਹੇਠ ਅੰਮ੍ਰਿਤਸਰ ਦੀਆਂ ਜਿਲ੍ਹਾ ਕਚਹਿਰੀਆਂ ਵਿਚ ਮਾਨਯੋਗ ਜੱਜ ਕਮਲਦੀਪ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਉਨਾਂ ਵਲੋ ਪੰਥਕ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਦਾਲਤ ਵਿਚ ਪੇਸ਼ ਹੋਏ। ਐਡਵੋਕੇਟ ਮੰਝਪੁਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਮਾਨਯੋਗ ਅਦਾਲਤ ਨੇ ਅਗਲੇਰੀ ਸੁਣਵਾਈ ਲਈ 11 ਮਾਰਚ ਤਹਿ ਕੀਤੀ ਹੈ।