ਅੰਮ੍ਰਿਤਸਰ- ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਂਬਰ ਸ੍ਰ ਗੁਰਚਰਨ ਸਿੰਘ ਗਰੇਵਾਲ, ਸ੍ਰ ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਝੱਬਰ ਤੇ ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੂੰ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨਿਯੁਕਤ ਕੀਤਾ ਹੈ।ਪੰਥਕ ਹਲਕਿਆਂ ਵਿਚ ਇਨਾਂ ਸਾਰਿਆਂ ਨੂੰ ਪੰਥ ਦੇ ਬੇਬਾਕ ਬੁਲਾਰੇ ਵਜੋ ਜਾਣਿਆ ਜਾਂਦਾ ਹੈ। ਵਖ ਵਖ ਪਲੇਟਫਾਰਮਾਂ ਤੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰਤ ਤੌਰ ਤੇ ਮਜਬੂਤੀ ਨਾਲ ਪਖ ਰਖਣ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼ੋ੍ਰਮਣੀ ਕਮੇਟੀ ਗਲਿਆਰਿਆਂ ਮੁਤਾਬਿਕ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਵਲੋ ਨਾਮਜਦ ਕੀਤੇ ਇਹ ਬੁਲਾਰੇ ਪੰਥਕ ਹਲਕਿਆਂ ਵਿਚ ਵਖਰੀ ਪਹਿਚਾਣ ਰਖਦੇ ਹਨ ਤੇ ਇਹ ਸਾਰੇ ਹੀ ਮੀਡੀਆ, ਸ਼ੋਸ਼ਲ ਮੀਡੀਆ ਤੇ ਪੂਰੀ ਦ੍ਰਿੜਤਾ ਤੇ ਦਲੇਰੀ ਨਾਲ ਸ਼ੋ੍ਰਮਣੀ ਕਮੇਟੀ ਦੇ ਪਖ ਨੂੰ ਲੰਮੇ ਸਮੇ ਤੋ ਰਖਦੇ ਆ ਰਹੇ ਹਨ।ਦਸਣਯੋਗ ਹੈ ਕਿ ਸ੍ਰ ਗੁਰਚਰਨ ਸਿੰਘ ਗਰੇਵਾਲ ਤੇ ਸ੍ਰ ਅਮਰਜੀਤ ਸਿੰਘ ਚਾਵਲਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਨੇੜਲੇ ਸਾਥੀਆਂ ਵਿਚੋ ਇਕ ਹਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨਾਲ ਰਹਿ ਕੇ ਪੰਥ ਦੀ ਸੇਵਾ ਕਰਦੇ ਰਹੇ।ਸ੍ਰ ਗਰੇਵਾਲ ਤੇ ਸ੍ਰ ਚਾਵਲਾ ਸ੍ਰੀ ਦਰਬਾਰ ਸਾਹਿਬ ਤੇ ਹੋਏ ਜੂਨ 1984 ਦੇ ਫੌਜੀ ਹਮਲੇ ਦੌਰਾਨ ਭਾਰਤੀ ਫੌਜਾਂ ਨਾਲ ਦਸਤਪੰਜਾ ਲੈਣ ਵਾਲਿਆਂ ਵਿਚ ਸਨ ਤੇ ਇਨਾਂ ਦੋਹਾਂ ਨੇ ਜੋਧਪੁਰ ਜੇਲ ਵਿਚ ਕੈਦ ਵੀ ਕਟੀ ਹੈ।