ਅੰਮ੍ਰਿਤਸਰ-ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਨਵੇਂ ਆਏ ਵਿਦਿਆਰਥੀਆਂ ਲਈ ‘ਏ ਹੈਂਡ ਬੁਕ ਫਾਰ ਨਿਊ-ਵੈਟਸ’ ਨਾਮਕ ਪੁਸਤਕ ਅਤੇ ‘ਵੈਟਸ ਵਿਜ਼ਨ’ ਮੈਗਜ਼ੀਨ ਲੋਕ ਅਰਪਿਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਰੋਹ ਮੌਕੇ ਕਾਲਜ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦਾ (ਕੇ. ਸੀ. ਵੀ. ਏ. ਐੱਸ.) ਦੇ ਵਿਸਤ੍ਰਿਤ ਰੂਪ ‘ਨੋਲਜ਼ (ਜਾਣਕਾਰੀ), ਕਮਿਟਮੈਂਟ (ਵਚਨਬੱਧਤਾ), ਵੈਟਰਨਰੀ ਐਕਸੀਲੈਂਸ (ਵੈਟਰਨਰੀ ਮੁਹਾਰਤ), ਐਨੀਮਲ ਵੈਲਫ਼ੇਅਰ (ਪਸ਼ੂ ਭਲਾਈ), ਸਰਵਿਸ ਟੂ ਸੋਸਾਇਟੀ (ਸਮਾਜ ਭਲਾਈ ਦੇ ਕਾਰਜ)’ ਨੂੰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਪਰਮਜੀਤ ਸਿੰਘ ਬੱਲ ਤੋਂ ਇਲਾਵਾ ਹੋਰ ਫੈਕਲਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਪ੍ਰਿੰ: ਡਾ. ਵਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਕਿਤਾਬ ਦੀ ਤਿਆਰੀ ਅਤੇ ਵਿਦਿਆਰਥੀ ਮੈਗਜ਼ੀਨ ਵਰਗੀਆਂ ਅਕਾਦਮਿਕ ਪਹਿਲ ਸਬੰਧੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਵੈਟਰਨਰੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਨਾਲ ਇਹ ਸਮਾਗਮ ਸੰਸਥਾ ਲਈ ਇਕ ਯਾਦਗਾਰ ਅਕਾਦਮਿਕ ਮੀਲ ਪੱਥਰ ਸਥਾਪਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਕਤ ਪੁਸਤਕ ਕਾਲਜ ਦੇ ਅਧਿਆਪਕਾਂ ਵੱਲੋਂ ਸਾਂਝੇ ਤੌਰ ’ਤੇ ਲਿਖੀ ਗਈ ਪਹਿਲੀ ਕਿਤਾਬ ਹੈ। ਜਿਸ ’ਚ ਵੈਟਰਨਰੀ ਅਤੇ ਪਸ਼ੂ ਪਾਲਣ ਵਿਗਿਆਨ ਦੇ ਵੱਖ-ਵੱਖ ਪੱਖਾਂ ਨਾਲ ਸਬੰਧਿਤ ਲੈਕਚਰਾਂ ਅਤੇ ਵਰਕਸ਼ਾਪਾਂ ਦਾ ਸੰਕਲਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਵੇਂ ਵੈਟਰਨਰੀ ਗ੍ਰੈਜੂਏਟਾਂ ਲਈ ਤਿਆਰ ਕੀਤੀ ਗਈ ਇਹ ਹੈਂਡਬੁੱਕ ਵੈਟਰਨਰੀ ਐਨਾਟਮੀ ਤੋਂ ਲੈ ਕੇ ਵੈਟਰਨਰੀ ਕਲੀਨਿਕਲ ਕੰਪਲੈਕਸ (ਵੀ. ਸੀ. ਸੀ.) ਤੱਕ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਇਕ ਸੁਵਿਧਾਜਨਕ ਪੁਸਤਕ ਹੈ ਜਿਸ ਨੂੰ ਡਾਕਟਰ ਲੋੜ ਪੈਣ ’ਤੇ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰਕਾਸ਼ਨ ਨਵੇਂ ਵੈਟਰਨਰੀ ਡਾਕਟਰਾਂ ਲਈ ਉਨ੍ਹਾਂ ਦੀ ਪੇਸ਼ਾਵਰ ਯਾਤਰਾ ਦੀ ਸ਼ੁਰੂਆਤ ’ਚ ਇਕ ਮਹੱਤਵਪੂਰਨ ਮਾਰਗਦਰਸ਼ਕ ਸਾਬਤ ਹੋਵੇਗਾ।
ਇਸ ਮੌਕੇ ਡਾ. ਵਰਮਾ ਨੇ ਸ: ਛੀਨਾ ਤੇ ਆਏ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮੈਗਜ਼ੀਨ ‘ਵੈਟਸ ਵਿਜ਼ਨ’ ਦਾ ਪਹਿਲਾ ਅੰਕ ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਵਿਦਿਆਰਥੀਆਂ ਦੀ ਰਚਨਾਤਮਕ ਅਤੇ ਅਕਾਦਮਿਕ ਯਤਨਾਂ ਦਾ ਨਤੀਜਾ ਹੈ ਅਤੇ ਇਸ ਨੂੰ ਡਿਜ਼ਿਟਲ ਪਲੇਟਫਾਰਮ ’ਤੇ ਈ-ਮੈਗਜ਼ੀਨ ਦੇ ਰੂਪ ’ਚ ਸ: ਛੀਨਾ ਵੱਲੋਂ ਲੋਕ ਅਰਪਿਤ ਕੀਤਾ ਗਿਆ ਹੈ ਅਤੇ ਇਸ ਨੂੰ ਕਾਲਜ ਦੀ ਵੈਬਸਾਈਟ ‘ਵੈਟਸ ਵਿਜ਼ਨ-ਸਟੂਡੈਂਟ ਕੋਰਨਰ’ ’ਤੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਚਾਰ, ਉਪਲਬਧੀਆਂ, ਵੈਟਰਨਰੀ ਸਿੱਖਿਆ ਅਤੇ ਪਸ਼ੂ ਪਾਲਣ ਖੇਤਰ ਨਾਲ ਜੁੜੇ ਤਜਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਡਾ. ਵਰਮਾ ਨੇ ਕਿਹਾ ਕਿ ਉਕਤ ਤੋਂ ਇਲਾਵਾ ਕਾਲਜ ’ਚ ਆਧੁਨਿਕ ਜਾਂਚ ਅਤੇ ਇਲਾਜ ਦੀਆਂ ਸੁਵਿਧਾਵਾਂ ਨਾਲ ਲੈਸ 24 ਘੰਟੇ ਚੱਲਣ ਵਾਲਾ ਵੈਟਰਨਰੀ ਹਸਪਤਾਲ ਵੀ ਚੱਲ ਰਿਹਾ ਹੈ। ਇੱਥੇ ਕੋਈ ਵੀ ਵਿਅਕਤੀ ਆਪਣੇ ਪਾਲਤੂ ਜਾਂ ਘਰੇਲੂ ਪਸ਼ੂਆਂ ਦਾ ਇਲਾਜ ਕਰਵਾ ਸਕਦਾ ਹੈ ਅਤੇ ਖੂਨ, ਪਿਸ਼ਾਬ, ਚਮੜੀ ਆਦਿ ਸਬੰਧਿਤ ਬਿਮਾਰੀਆਂ ਦੀ ਜਾਂਚ ਤੇ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਪਸ਼ੂ ਪਾਲਣ ਨਾਲ ਸਬੰਧਿਤ ਪ੍ਰਬੰਧਕੀ ਸਲਾਹ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੇ ਮਾਲਕ ਵਿਗਿਆਨਕ ਢੰਗ ਨਾਲ ਕੁੱਤੇ, ਬਿੱਲੀਆਂ, ਪੰਛੀਆਂ ਆਦਿ ਦੀ ਦੇਖਭਾਲ ਅਤੇ ਪ੍ਰਵਿਰਸ਼ ਸਬੰਧੀ ਟ੍ਰੇਨਿੰਗ ਲਈ ਹਸਪਤਾਲ ਆ ਕੇ ਜਾਂ ਫਿਰ ਫੋਨ ਨੰਬਰ 0183-2994595 ’ਤੇ ਸੰਪਰਕ ਕਰ ਸਕਦੇ ਹਨ।