ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਲੰਗਰ ਦੇ ਮੈਨੇਜਰ ਸ੍ਰ ਨਿਸ਼ਾਨ ਸਿੰਘ ਜਫਰਵਾਲ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਇਸ ਜੰਗ ਦੇ ਮਾਹੌਲ ਵਿਚ ਵੀ ਰਸੋਈ ਗੈਸ ਦੀ ਕੋਈ ਕਮੀ ਨਹੀ ਹੈ। ਇਸ ਪੱਤਰਕਾਰ ਨਾਲ ਫੋਨ ਤੇ ਗਲ ਕਰਦਿਆਂ ਸ੍ਰ ਜਫਰਵਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਿਖੇ ਰਸੋਈ ਗੈਸ ਪਾਇਪ ਲਾਇਨ ਦੁਆਰਾ ਆਉਦੀ ਹੈ ਤੇ ਇਹ ਸਪਲਾਈ 24 ਘੰਟੇ ਨਿਰੰਤਰ ਜਾਰੀ ਰਹਿੰਦੀ ਹੈ। ਇਸ ਤੋ ਇਲਾਵਾ ਚਾਹ ਦੇ ਲੰਗਰ, ਕੜਾਹ ਪ੍ਰਸ਼ਾਦਿ ਤਿਆਰ ਕਰਨ ਤੇ ਦਫਤਰਾਂ ਵਿਚ ਚਾਹ ਪਾਣੀ ਲਈ ਰਸੋਈ ਗੈਸ ਸਲੰਡਰ ਦੇ ਰੂਪ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਸਾਡੇ ਕਰੀਬ 30 ਤੋ 40 ਸਲੰਡਰ ਰੋਜਾਨਾ ਵਰਤੋ ਵਿਚ ਲਿਆਂਦੇ ਜਾਂਦੇ ਹਨ ਤੇ ਉਨਾਂ ਦੀ ਪੂਰਤੀ ਸ਼ਹਿਰ ਦੀਆਂ ਵਖ ਵਖ ਗੈਸ ਏਜੰਸੀਆ ਵਲੋ ਕੀਤੀ ਜਾਂਦੀ ਹੈ।ਉਨਾਂ ਮੀਡੀਆ ਦੇ ਇਕ ਹਿੱਸੇ ਵਲੋ ਇਜਰਾਇਲ ਇਰਾਨ ਜੰਗ ਵਿਚਾਲੇ ਦੇਸ਼ ਭਰ ਵਿਚ ਦਸੀ ਜਾ ਰਹੀ ਰਸੋਈ ਗੈਸ ਦੀ ਕਿਲਤ ਕਾਰਨ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵੀ ਪ੍ਰਭਾਵਿਤ ਹੋਣ ਦੀਆਂ ਖ਼ਬਰਾ ਨੂੰ ਗਲਤ ਦਸਿਆ। ਸ੍ਰ ਜਫਰਵਾਲ ਨੇ ਕਿਹਾ ਕਿ ਸਾਡੇ ਕੋਲ ਰਸੋਈ ਗੈਸ ਦੀ ਭਰਪੂਰ ਭੰਡਾਰ ਹੈ ਤੇ ਗੈਸ ਏਜੰਸੀਆਂ ਵੀ ਸਾਨੂੰ ਨਿਰੰਤਰ ਰਸੋਈ ਗੈਸ ਦੀ ਸਪਲਾਈ ਦੇ ਰਹੀਆਂ ਹਨ।