ਅੰਮ੍ਰਿਤਸਰ- ਇੰਗਲੈਂਡ ਤੋਂ ਆਈਆਂ ਸੁੰਦਰਤਾ ਪ੍ਰਤੀਯੋਗਿਤਾ ਦੀਆਂ ਜੇਤੂ ਮਿਸ ਇੰਗਲੈਂਡ ਗ੍ਰੇਸ ਰਿਚਰਡਸਨ ਅਤੇ ਮਿਸ ਇੰਗਲੈਂਡ ਵਰਲਡ ਸ਼ਾਰਲਟ ਗ੍ਰਾਂਟ ਨੇ ਅੱਜ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਦੁਨੀਆਂ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗ੍ਰੇਸ ਰਿਚਰਡਸਨ ਅਤੇ ਸ਼ਾਰਲਟ ਗ੍ਰਾਂਟ ਏਕ ਨੂਰ ਚੈਰੀਟੇਬਲ ਟਰਸਟ ਦੀ ਚੇਅਰਪ੍ਰਸਨ ਬੀਬੀ ਮਨਜੀਤ ਕੌਰ ਤੇ ਪਰਮਿੰਦਰ ਸਿੰਘ ਸੋਨੀ ਦੇ ਯਤਨਾ ਨਾਲ ਹੀ ਆਪਣੇ ਭਾਰਤ ਵਿਚਲੇ ਪ੍ਰਵਾਸ ਦੌਰਾਨ ਸ੍ਰੀ ਦਰਬਾਰ ਸਾਹਿਬ ਆਈਆਂ ਸਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦਾ ਮਾਹੌਲ ਬਹੁਤ ਹੀ ਸ਼ਾਂਤਮਈ ਅਤੇ ਅਧਿਆਤਮਕ ਹੈ। ਇਥੇ ਹਰ ਧਰਮ ਅਤੇ ਦੇਸ਼ ਤੋਂ ਆਉਣ ਵਾਲੇ ਲੋਕ ਇੱਕਸਾਰਤਾ ਦੇ ਨਾਲ ਸਿਰ ਝੁਕਾਉਂਦੇ ਹਨ। ਇਹ ਉਹਨਾਂ ਦੀ ਖੁਸ਼ਕਿਸਮਤ ਹੈ ਕਿ ਉਹਨਾਂ ਨੂੰ ਦੁਨੀਆਂ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਵਿੱਚੋਂ ਇੱਕ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਨਤਮਸਤਕ ਹੋਣ ਦਾ ਮੌਕਾ ਮਿਿਲਆ। ਸਿੱਖ ਧਰਮ ਦੀ ਸੇਵਾ ਭਾਵਨਾ ਤੇ ਲੰਗਰ ਪ੍ਰਥਾ ਦੀ ਉਨਾਂ ਰਜ ਕੇ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਉਹ ਇੱਥੇ ਆ ਕੇ ਬੇਹਦ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਹਨ ਅਤੇ ਦੁਨੀਆਂ ਦੇ ਵਿੱਚ ਅਮਨ ਤੇ ਭਾਈਚਾਰੇ ਦਾ ਸੰਦੇਸ਼ ਲੈ ਕੇ ਜਾ ਰਹੀਆਂ ਹਨ। ਇਸ ਮੌਕੇ ਤੇ ਸ੍ਰੀ ਦਵਿੰਦਰ ਪ੍ਰਸਾਦਿ, ਏਕ ਨੂਰ ਚੈਰੀਟੇਬਲ ਟਰਸਟ ਦੀ ਚੇਅਰਪ੍ਰਸਨ ਬੀਬੀ ਮਨਜੀਤ ਕੌਰ ਤੇ ਪਰਮਿੰਦਰ ਸਿੰਘ ਸੋਨੀ ਵੀ ਹਾਜਰ ਸਨ।