ਪੰਜਾਬ

ਧੂਰੀ ਵਿਖੇ ਬਣੇ ਸਬ-ਡਿਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਨਾਲ ਸੰਗਰੂਰ ਦਾ ਸਿਹਤ ਢਾਂਚਾ ਹੋਰ ਮਜ਼ਬੂਤ ਹੋਇਆ-ਮੁੱਖ ਮੰਤਰੀ ਮਾਨ

ਕੌਮੀ ਮਾਰਗ ਬਿਊਰੋ | March 17, 2026 07:19 PM


ਧੂਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਧੂਰੀ ਵਿਖੇ 50 ਬਿਸਤਰਿਆਂ ਦੀ ਸਮਰੱਥਾ ਵਾਲਾ ਸਬ-ਡਿਵੀਜ਼ਨਲ ਹਸਪਤਾਲ ਅਤੇ 30 ਬਿਸਤਰਿਆਂ ਦੀ ਸਮਰੱਥਾ ਵਾਲਾ ਜੱਚਾ-ਬੱਚਾ ਬਲਾਕ ਲੋਕਾਂ ਨੂੰ ਸਮਰਪਿਤ ਕੀਤਾ। ਇਹ ਪ੍ਰਾਜੈਕਟ ਪੰਜਾਬ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਪ੍ਰਾਜੈਕਟ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਡਾਕਟਰਾਂ ਤੇ ਸਟਾਫ ਦੀ ਮੌਜੂਦਗੀ ਨੂੰ ਬਿਹਤਰ ਬਣਾ ਕੇ ਪਹੁੰਚਯੋਗ ਅਤੇ ਮਰੀਜ਼ ਅਧਾਰਿਤ ਸਿਹਤ ਸੰਭਾਲ ਵਿਵਸਥਾ ਲਾਗੂ ਕਰਨ ਪ੍ਰਤੀ ਸਾਡੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਹੂਲਤਾਂ ਨਾ ਸਿਰਫ਼ ਧੂਰੀ ਸ਼ਹਿਰ ਦੇ ਵਸਨੀਕਾਂ ਨੂੰ ਸਗੋਂ ਆਲੇ-ਦੁਆਲੇ ਦੇ ਲਗਭਗ 70 ਪਿੰਡਾਂ ਦੇ ਲੋਕਾਂ ਨੂੰ ਵੀ ਮਿਲਣਗੀਆਂ, ਜਿਸ ਨਾਲ ਹਜ਼ਾਰਾਂ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਆਧੁਨਿਕ ਸਿਹਤ ਸੇਵਾਵਾਂ ਮਿਲ ਸਕਣਗੀਆਂ।"
ਉਨ੍ਹਾਂ ਅੱਗੇ ਕਿਹਾ, “21.65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕੰਪਲੈਕਸ ਵਿੱਚ ਲਗਭਗ 73, 000 ਵਰਗ ਫੁੱਟ ਵਿੱਚ ਫੈਲੀ ਅਤਿ-ਆਧੁਨਿਕ ਇਮਾਰਤ ਹੈ ਜੋ ਇਸ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਇਹ ਓ.ਪੀ.ਡੀ., ਇਨਡੋਰ ਇਲਾਜ, ਐਮਰਜੈਂਸੀ ਸੇਵਾਵਾਂ, ਜਾਂਚ ਸਹੂਲਤਾਂ ਅਤੇ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਕੇ ਸੈਕੰਡਰੀ-ਪੱਧਰ ਦੀ ਸਿਹਤ ਸੰਭਾਲ ਵਿਵਸਥਾ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ।”
ਸਿਹਤ ਸੇਵਾਵਾਂ ਲਈ ਦੂਹਰੀ-ਸਹੂਲਤ ਵਾਲੇ ਢਾਂਚੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “50 ਬਿਸਤਰਿਆਂ ਦੀ ਸਮਰੱਥਾ ਵਾਲਾ ਸਬ-ਡਿਵੀਜ਼ਨਲ ਹਸਪਤਾਲ ਵਿਆਪਕ ਪੱਧਰ ’ਤੇ ਸੈਕੰਡਰੀ-ਪੱਧਰੀ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ, ਜਦੋਂ ਕਿ 30 ਬਿਸਤਰਿਆਂ ਵਾਲਾ ਜੱਚਾ-ਬੱਚਾ ਸਿਹਤ ਸੰਭਾਲ ਬਲਾਕ ਮਾਵਾਂ, ਨਵਜੰਮੇ ਬੱਚੇ ਅਤੇ ਬਾਲ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ, ਜਿਸ ਨਾਲ ਖੇਤਰ ਵਿੱਚ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਈ ਜਾਵੇਗੀ।”
ਹਸਪਤਾਲ ਦੇ ਪਿਛੋਕੜ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਹਸਪਤਾਲ ਸਾਲ 1978 ਵਿੱਚ 30 ਬਿਸਤਰਿਆਂ ਦੀ ਸਮਰੱਥਾ ਨਾਲ ਸਥਾਪਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ 50 ਬਿਸਤਰਿਆਂ ਤੱਕ ਅਪਗ੍ਰੇਡ ਕੀਤਾ ਗਿਆ, ਹੁਣ ਇਹ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ 80 ਬਿਸਤਰਿਆਂ ਸਮਰੱਥਾ ਵਾਲਾ ਬਣ ਗਿਆ ਹੈ ਜੋ ਕਿ ਜਨਤਕ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਡੀ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।”
ਬੁਨਿਆਦੀ ਢਾਂਚੇ ਦੇ ਵੇਰਵੇ ਦਿੰਦੇ ਹੋਏ ਉਨ੍ਹਾਂ ਦੱਸਿਆ, “ਇਸ ਹਸਪਤਾਲ ਵਿੱਚ 13 ਓ.ਪੀ.ਡੀ. ਕਮਰੇ, ਐਮਰਜੈਂਸੀ ਬਲਾਕ, ਦੋ ਰਜਿਸਟ੍ਰੇਸ਼ਨ ਕਾਊਂਟਰ ਅਤੇ ਵੱਡੀਆਂ ਤੇ ਛੋਟੀਆਂ ਸਰਜਰੀਆਂ ਲਈ 7 ਆਪ੍ਰੇਸ਼ਨ ਥੀਏਟਰ ਸ਼ਾਮਲ ਹਨ। ਇਸ ਵਿੱਚ ਸਮੇਂ ਸਿਰ ਅਤੇ ਸਹੀ ਡਾਕਟਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਲੈਬਾਰਟਰੀਆਂ ਦੇ ਨਾਲ-ਨਾਲ ਈ.ਸੀ.ਜੀ., ਅਲਟਰਾਸਾਊਂਡ ਅਤੇ ਐਕਸ-ਰੇ ਰੂਮ ਵਰਗੀਆਂ ਆਧੁਨਿਕ ਜਾਂਚ ਸਹੂਲਤਾਂ ਹਨ।”
ਉਨ੍ਹਾਂ ਅੱਗੇ ਕਿਹਾ, “ਹਸਪਤਾਲ ਵਿੱਚ 12 ਨਿੱਜੀ ਕਮਰੇ, ਛੇ ਜਨਰਲ ਵਾਰਡ, ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਡਰੱਗ ਸਟੋਰ, ਇੱਕ ਐਸਐਮਓ ਦਫ਼ਤਰ, 11 ਨਰਸ ਸਟੇਸ਼ਨ ਅਤੇ ਦੋ ਲਿਫਟਾਂ ਉਪਲੱਬਧ ਹਨ। ਇਹ ਸਾਰੀਆਂ ਸਹੂਲਤਾਂ ਮਰੀਜ਼ਾਂ ਦੀ ਦੇਖਭਾਲ ਅਤੇ ਕਾਰਜਸ਼ੀਲ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਅੱਪਗ੍ਰੇਡ ਕੀਤਾ ਗਿਆ ਬੁਨਿਆਦੀ ਢਾਂਚਾ ਡਾਕਟਰਾਂ ਨੂੰ ਐਮਰਜੈਂਸੀ ਕੇਸਾਂ, ਦੁਰਘਟਨਾ ਪੀੜਤਾਂ ਅਤੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਨੂੰ ਵਧੇਰੇ ਕੁਸ਼ਲਤਾ ਨਾਲ ਸੰਭਾਲਣ ਦੇ ਯੋਗ ਬਣਾਏਗਾ।”

ਸੇਵਾਵਾਂ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਹਸਪਤਾਲ ਸਰਜੀਕਲ ਅਤੇ ਗੋਡੇ ਬਦਲਣ ਦੀਆਂ ਸੇਵਾਵਾਂ ਸਮੇਤ ਹੋਰ ਬਿਹਤਰ ਡਾਕਟਰੀ ਸੇਵਾਵਾਂ ਵੀ ਦੇਵੇਗਾ। ਮਾਹਿਰ ਡਾਕਟਰ, ਖਾਸ ਕਰਕੇ ਕੰਨ, ਨੱਕ ਅਤੇ ਗਲੇ ਦੇ ਖੇਤਰ ਵਿੱਚ ਚੰਗੀ ਦੇਖਭਾਲ ਪ੍ਰਦਾਨ ਕਰਨ ਲਈ ਉਪਲਬਧ ਹੋਣਗੇ।”
ਜੱਚਾ-ਬੱਚਾ ਸਿਹਤ ਸੰਭਾਲ 'ਤੇ ਧਿਆਨ ਕੇਂਦਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਮਰਪਿਤ ਜੱਚਾ-ਬੱਚਾ ਹਸਪਤਾਲ ਹੁਨਰਮੰਦ ਗਾਇਨੀਕੋਲੋਜਿਸਟਾਂ ਦੀ ਨਿਗਰਾਨੀ ਹੇਠ ਆਮ ਅਤੇ ਸਿਜੇਰੀਅਨ ਡਿਲੀਵਰੀ ਸੇਵਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਈ ਜਾਵੇਗੀ।"
ਉਨ੍ਹਾਂ ਅੱਗੇ ਕਿਹਾ, "ਮਾਵਾਂ ਅਤੇ ਬੱਚਿਆਂ ਲਈ ਸਾਰੇ ਜ਼ਰੂਰੀ ਇਲਾਜ ਅਤੇ ਡਾਇਗਨੌਸਟਿਕ ਟੈਸਟ ਮੁਫਤ ਪ੍ਰਦਾਨ ਕੀਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਪਰਿਵਾਰ ਵਿੱਤੀ ਤੰਗੀਆਂ ਕਾਰਨ ਸਿਹਤ ਸੰਭਾਲ ਤੋਂ ਵਾਂਝਾ ਨਾ ਰਹੇ। ਹਸਪਤਾਲ ਅਧੀਨ ਕਾਰਜਸ਼ੀਲ ਈ.ਐਸ.ਆਈ. ਡਿਸਪੈਂਸਰੀ ਰਾਹੀਂ ਵਰਕਰ ਸਿਹਤ ਸੰਭਾਲ ਸੇਵਾਵਾਂ ਤੋਂ ਵੀ ਲਾਭ ਪ੍ਰਾਪਤ ਕਰਦੇ ਰਹਿਣਗੇ।"
ਵਿਆਪਕ ਸਿਹਤ ਸੰਭਾਲ ਸੁਧਾਰਾਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਾਡੀ ਸਰਕਾਰ ਵੱਲੋਂ ਹਸਪਤਾਲਾਂ ਵਿੱਚ 1500 ਤੋਂ ਵੱਧ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚ 600 ਤੋਂ ਵੱਧ ਮਾਹਿਰ ਅਤੇ 900 ਤੋਂ ਵੱਧ ਜਨਰਲ ਡਾਕਟਰ ਦੇ ਨਾਲ-ਨਾਲ ਆਮ ਆਦਮੀ ਕਲੀਨਿਕਾਂ ਵਿੱਚ 800 ਤੋਂ ਵੱਧ ਡਾਕਟਰ ਸ਼ਾਮਲ ਹਨ ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਾਹਰ ਡਾਕਟਰੀ ਦੀ ਉਪਲਬਧਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।"
ਉਨ੍ਹਾਂ ਅੱਗੇ ਕਿਹਾ, "ਅਸੀਂ ਸੈਕੰਡਰੀ ਸਿਹਤ ਸੰਭਾਲ ਸਹੂਲਤਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਆਮ ਆਦਮੀ ਕਲੀਨਿਕਾਂ ਦੇ ਨੈੱਟਵਰਕ ਦਾ ਵਿਸਤਾਰ ਕੀਤਾ ਹੈ, ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਨੂੰ ਆਮ ਜਨਤਾ ਦੀ ਪਹੁੰਚ ਦੇ ਨੇੜੇ ਲਿਆਂਦਾ ਹੈ। 300 ਕਰੋੜ ਰੁਪਏ ਤੋਂ ਵੱਧ ਦੀ ਖਰੀਦ ਰਾਹੀਂ ਮੁਫ਼ਤ ਦਵਾਈਆਂ ਅਤੇ ਆਧੁਨਿਕ ਡਾਕਟਰੀ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।"
ਵਿੱਤੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ, ਅਸੀਂ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਸਿਹਤ ਕਵਰ ਦੇ ਰਹੇ ਹਾਂ ਤਾਂ ਜੋ ਵਿੱਤੀ ਬੋਝ ਤੋਂ ਬਿਨਾਂ ਮਿਆਰੀ ਇਲਾਜ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ।"
ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਸ ਪ੍ਰੋਜੈਕਟ ਨਾਲ ਧੂਰੀ ਦੇ 58, 000 ਤੋਂ ਵੱਧ ਵਸਨੀਕਾਂ ਦੇ ਨਾਲ-ਨਾਲ ਨੇੜਲੇ ਖੇਤਰਾਂ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ ਅਤੇ ਇਸ ਖੇਤਰ ਦੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਅਹਿਮ ਸੁਧਾਰ ਹੋਵੇਗਾ। ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਪੰਜਾਬ ਦੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸੰਭਾਲ ਸੇਵਾਵਾਂ ਆਸਾਨੀ ਨਾਲ ਪਹੁੰਚਾਈਆਂ ਜਾ ਸਕਣ।"

Have something to say? Post your comment

 
 
 
 

ਪੰਜਾਬ

ਜਿਸ ਤਰ੍ਹਾਂ ਕਾਂਗਰਸ ਪੰਜਾਬ ਤੇ ਸਿੱਖਾਂ ਨਾਲ ਧੱਕਾ ਕਰਦੀ ਰਹੀ ਅੱਜ ਭਾਰਤੀ ਜਨਤਾ ਪਾਰਟੀ ਵੀ ਉਸੇ ਨਕਸ਼ੇ ਕਦਮ ਤੇ ਚਲ ਰਹੀ ਹੈ : ਭੂੰਦੜ

ਐਡਵੋਕੇਟ ਧਾਮੀ ਨੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੋਂਪੀ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ

ਗੁਰਦੁਆਰਾ ਸਾਹਿਬ ਬਰਮਮਾਲਾ ਹੈਦਰਾਬਾਦ ਦੀ ਜਗ੍ਹਾ `ਤੇ ਜਬਰੀ ਕਬਜ਼ਾ ਨਿੰਦਣਯੋਗ ਅਤੇ ਕੋਰਟ ਦੇ ਫੈਸਲੇ ਦੀ ਸ਼ਲਾਘਾ: ਬਾਬਾ ਬਲਬੀਰ ਸਿੰਘ

ਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦਾ ਸਮਝੌਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੇਕਰ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ-ਭਗਵੰਤ ਸਿੰਘ ਮਾਨ

ਜੇਕਰ ਸਰਕਾਰੀ ਸਕੂਲ ਚੰਗੇ ਹਨ ਤਾਂ ਆਪ ਵਿਧਾਇਕ ਆਪਣੇ ਬੱਚੇ ਉਥੇ ਕਿਉਂ ਨਹੀਂ ਪੜਾਉਂਦੇ-ਰਾਜਾ ਵੜਿੰਗ

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਪਾਸ

ਬਾਬੂ ਕਾਂਸ਼ੀ ਰਾਮ ਜੀ ਲਈ ਭਾਰਤ ਰਤਨ ਦੀ ਮੰਗ ਵਾਲਾ ਪੇਸ਼ ਮਤਾ ਵਿਧਾਨ ਸਭਾ ਦੁਆਰਾ ਸਰਬਸੰਮਤੀ ਨਾਲ ਪਾਸ