ਲੁਧਿਆਣਾ-ਬੇਸ਼ੱਕ ਪੰਜਾਬ ਦੀਆਂ ਜੰਮੀਆਂ ਸ਼ੇਰ ਬੱਚੀਆਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਸੱਤ ਸਮੁੰਦਰੋਂ ਪਾਰ ਅਮਰੀਕਾ ਦੀ ਧਰਤੀ ਵਿੱਚ ਰਹਿ ਰਹੀਆਂ ਹਨ।ਪਰ ਵਿਰਸੇ ਵਿੱਚੋਂ ਮਿਲੀ ਸਿਰੜੀ ਗੁੜਤੀ ਦੇ ਸਦਕਾ ਅੱਜ ਉਹ ਸੰਸਾਰ ਵਿੱਚ ਇੱਕ ਸਫਲ ਸਿੱਖ ਪਰਬਤਾਰੋਹੀਆਂ ਦੇ ਰੂਪ ਵੱਜੋਂ ਸਿੱਖੀ ਤੇ ਪੰਜਾਬੀਅਤ ਦੇ ਪਰਚੰਮ ਨੂੰ ਬੁਲੰਦ ਕਰ ਰਹੀਆਂ ਹਨ।ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਜਤਿੰਦਰਪਾਲ ਸਿੰਘ ਸਲੂਜਾ ਪ੍ਰਧਾਨ ਪੰਜਾਬੀ ਵਿਕਾਸ ਮੰਚ ਤੇ ਸ.ਰਣਜੀਤ ਸਿੰਘ ਖਾਲਸਾ ਪ੍ਰਧਾਨ ਪੰਜਾਬੀ ਵਿਰਸਾ ਫਾਊਡੇਸ਼ਨ, ਮੈਡਮ ਸੋਨੀਆ ਅਲੱਗ ਪ੍ਰਧਾਨ ਨਿਸ਼ਾਨ ਸਪੋਰਟਸ ਵੈਲਫ਼ੇਅਰ ਐਸੋਸੀਏਸ਼ਨ ਤੇ ਮੈਡਮ ਪੁਨੀਤ ਪ੍ਰਮੁੱਖ ਸਮਾਜ ਸੇਵਿਕਾ ਨੇ ਅੱਜ ਸਾਂਝੇ ਰੂਪ ਵਿੱਚ ਸ.ਕੁਲਵਿੰਦਰ ਸਿੰਘ ਬੈਨੀਪਾਲ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਲੁਧਿਆਣਾ ਦੇ ਗ੍ਰਹਿ ਵਿਖੇ ਅਮਰੀਕਾ ਤੋ ਆਈਆਂ ਉਨ੍ਹਾਂ ਦੀਆਂ ਹੋਣਹਾਰ ਸਪੁੱਤਰੀਆਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਨੂੰ ਉਨ੍ਹਾਂ ਵੱਲੋ ਪਿਛਲੇ ਸਮੇ ਦੌਰਾਨ ਅਫਰੀਕਨ ਦੇਸ਼ ਤਨਜ਼ਾਨੀਆ ਵਿਖੇ ਸਥਿਤ ਮਾਊਂਟ ਕੀਲੀਮਨਜ਼ਾਰੋ (ਉਰੂ ਪੀਕ ਉੱਚਾਈ 5, 895 ਮੀਟਰ, 19, 340 ਫੁੱਟ)ਚੋਟੀ ਨੂੰ ਸਰ ਕਰਨ ਤੇ ਵਿਸੇਸ਼ ਤੌਰ ਤੇ ਸਨਮਾਨਿਤ ਕਰਦਿਆਂ ਹੋਇਆਂਕੀਤਾ!ਇਸ ਦੌਰਾਨ ਸ. ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਮਨ ਵਿੱਚ ਕੁੱਝ ਨਵਾਂ ਕਰ ਗੁਜ਼ਰਨ ਦੀ ਚਾਹਤ ਹੋਵੇ, ਘਰ ਵਾਲਿਆਂ ਦਾ ਨਿੱਘਾ ਸਹਿਯੋਗ ਹੋਵੇ ਅਤੇ ਅਕਾਲ ਪੁਰਖ ਦੀ ਬਖਸ਼ੀਸ਼ ਹੋਵੇ ਤਾਂ ਵੱਡੀ ਤੋ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸੇ ਸੱਚ ਨੂੰ ਸਾਬਤ ਕਰ ਵਿਖਾਇਆ ਹੈ।ਪੰਜਾਬ ਦੀਆਂ ਜੰਮਪਲ ਸਿੱਖ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਨੇ, ਜੋ ਕਿ ਮੌਜੂਦਾ ਸਮੇ ਦੀ ਨੌਜਵਾਨ ਪੀੜ੍ਹੀ ਲਈ ਇੱਕ ਰੋਲ ਮਾਡਲ ਹਨ!ਇਸ ਮੌਕੇ ਆਪਣੀਆਂ ਦੋਵੇ ਸ਼ੇਰ ਬੱਚੀਆਂ ਦੀ ਵੱਡੀ ਪ੍ਰਾਪਤੀ ਸਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ.ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਤੋ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ ਹਾਇਰ ਸਟੱਡੀ ਕਰਨ ਲਈ ਸੇਨਫ੍ਰਾਂਸਿਸਕੋ (ਅਮਰੀਕਾ) ਵਿੱਚ ਰਹਿ ਰਹੀਆਂ ਉਨਾਂ ਦੀਆਂ ਦੋਵੇ ਬੱਚੀਆਂ ਬਚਪਨ ਤੋ ਹੀ ਪੜ੍ਹਾਈ ਵਿੱਚ ਕਾਫੀ ਹੋਸ਼ਿਆਰ ਸਨ, ਖਾਸ ਕਰਕੇ ਦੋਵੇਂ ਬੱਚੀਆਂ ਨੂੰ ਟਰੈਕਰ ਅਤੇ ਪਰਬਤਾਰੋਹੀ ਬਣਨ ਦਾ ਬਹੁਤ ਸ਼ੌਕ ਸੀ।ਆਪਣੇ ਇਸ ਵੱਡੇ ਸ਼ੌਕ ਦੀ ਪੂਰਤੀ ਲਈ ਬੁਲੰਦ ਹੌਸਲੇ ਵਾਲੀਆਂ ਦੋਵੇ ਬੱਚੀਆਂ ਨੇ ਉੱਚ ਕੋਟੀ ਦੀਆਂ ਪਰਬਤਾਰੋਹੀ ਬਣਨ ਵਾਸਤੇ ਬੜੀ ਸਖਤ ਮਿਹਨਤ ਤੇ ਸਿਖਲਾਈ ਪ੍ਰਾਪਤ ਕੀਤੀ ਅਤੇ ਇਹ ਸਾਰੀ ਸਿਖਲਾਈ ਬਿਨਾਂ ਕਿਸੇ ਟ੍ਰੇਨਰ ਤੋ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ- ਨਾਲ ਆਨ ਲਾਇਨ ਇੰਟਰਨੈੱਟ ਰਾਹੀਂ ਲਈ। ਸ.ਬੈਨੀਪਾਲ ਨੇ ਦੱਸਿਆ ਕਿ ਦੁਨੀਆਂ ਦੀ ਸਭ ਤੋ ਵੱਡੀ ਚੋਟੀ ਮਾਊਟ ਐਵਰੈਸਟ ਦੇ ਬੇਸ ਕੈਂਪ ਤੱਕ ਜਾਣ ਵਾਲੀਆਂ ਤੇ ਨਾਰਥ ਅਮਰੀਕਾ ਦੀ ਪਰਬਤ ਚੋਟੀ ਗਰੇਅ ਸਪੀਕ ਨੂੰ ਸਰ ਕਰਨ ਵਾਲੀਆਂ ਉਨ੍ਹਾਂ ਦੀਆਂ ਦੋਵੇ ਬੇਟੀਆਂ ਪੁੱਤਰਾਂ ਦੇ ਵਾਂਗ ਹਨ।ਜਿੰਨ੍ਹਾਂ ਨੇ ਆਪਣੀ ਹਿੰਮਤ, ਦਲੇਰੀ ਅਤੇ ਬੁਲੰਦ ਹੋਸਲੇ ਨਾਲ ਮਾਊਂਟ ਕੀਲੀਮਨਜ਼ਾਰੋ (ਉਰੂ ਪੀਕ) ਦੀ ਚੋਟੀ ਨੂੰ ਸਰ ਕਰਕੇ ਸਮੁੱਚੇ ਬੈਨੀਪਾਲ ਪਰਿਵਾਰ, ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕੀਤਾ ਹੈ।ਇਸ ਦੌਰਾਨ ਅਮਰੀਕਾ ਤੋ ਆਈਆਂ ਭੈਣਾਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨਕੌਰ ਬੈਨੀਪਾਲ ਦੀ ਮਾਤਾ ਸਰਦਾਰਨੀ ਕਰਮਜੀਤ ਕੌਰ ਬੈਨੀਪਾਲ ਨੇ ਆਪਣੀਆਂ ਬੱਚੀਆਂ ਦੀ ਵੱਡੀ ਸਫਲਤਾ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਦੀਆਂ ਜੰਮੀਆਂ ਸ਼ੇਰ ਬੱਚੀਆਂ ਸਾਡੇ ਤੋ ਦੂਰ ਅਮਰੀਕਾ ਵਿੱਚ ਰਹਿ ਰਹੀਆਂ ਹਨ।ਪਰ ਵਿਰਸੇ ਵਿੱਚੋਂ ਮਿਲੀ ਗੁੜਤੀ ਦੇ ਸਦਕਾ ਅੱਜ ਉਹ ਸੰਸਾਰ ਵਿੱਚ ਸਫਲ ਸਿੱਖ ਪਰਬਤਾਰੋਹੀਆਂ ਦੇ ਰੂਪ ਵੱਜੋਂ ਸਿੱਖੀ ਦੇ ਪਰਚੰਮ ਨੂੰ ਬੁਲੰਦ ਕਰ ਰਹੀਆਂ ਹਨ।ਜਿੰਨ੍ਹਾਂ ਦੇ ਉਪਰ ਸਮੁੱਚੇ ਬੈਨੀਪਾਲ ਪਰਿਵਾਰ ਨੂੰ ਨਾਜ਼ ਹੈ।