ਨਵੀਂ ਦਿੱਲੀ -ਹਰਮੀਤ ਸਿੰਘ ਕਾਲਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਮਹਾਨ ਘਟਨਾ ਦਿੱਲੀ ਫ਼ਤਹਿ ਦੀ ਯਾਦ ਨੂੰ ਸਮਰਪਿਤ 28 ਅਤੇ 29 ਮਾਰਚ ਨੂੰ ਬੜੇ ਉਤਸ਼ਾਹ, ਸ਼ਾਨ ਅਤੇ ਸੰਗਤ ਦੀ ਵਿਸ਼ਾਲ ਭਾਗੀਦਾਰੀ ਨਾਲ ਦਿੱਲੀ ਫ਼ਤਹਿ ਦਿਵਸ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਫ਼ਤਹਿ ਮਹਾਨ ਸਿੱਖ ਜਰਨੈਲਾਂ — ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਘੇਬਾ ਅਤੇ ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਹੇਠ ਸਿੰਘਾਂ ਵੱਲੋਂ ਪ੍ਰਾਪਤ ਕੀਤੀ ਗਈ ਸੀ, ਜਿਸ ਨੇ ਸਿੱਖ ਕੌਮ ਦੇ ਬਹਾਦਰੀ, ਅਟੱਲ ਵਿਸ਼ਵਾਸ ਅਤੇ ਕੁਰਬਾਨੀ ਦੀ ਅਮਿੱਟ ਛਾਪ ਇਤਿਹਾਸ ਵਿੱਚ ਦਰਜ ਕੀਤੀ।
ਇਸ ਵਿਸ਼ੇਸ਼ ਸਮਾਗਮ ਦੀ ਸੁਚਾਰੂ ਤਿਆਰੀ ਲਈ ਡੀ.ਐਸ.ਜੀ.ਐਮ.ਸੀ. ਦੇ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਇਸਤਰੀ ਵਿੰਗ ਦੀਆਂ ਬੀਬੀਆਂ ਨੇ ਵੀ ਸਰਗਰਮ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮਾਗਮ ਨੂੰ ਵੱਡੇ ਪੱਧਰ ’ਤੇ ਮਨਾਉਣ, ਸੰਗਤ ਦੀ ਵੱਡੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਫ਼ਤਹਿ ਦਿਵਸ ਸਿਰਫ਼ ਇੱਕ ਇਤਿਹਾਸਕ ਯਾਦਗਾਰ ਨਹੀਂ, ਸਗੋਂ ਸਿੱਖ ਕੌਮ ਦੀ ਸ਼ਾਨ, ਅਤੇ ਕੂਰਬਾਨੀ ਦੀ ਰੂਹ ਦਾ ਪ੍ਰਤੀਕ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਕ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇ।