ਨਵੀਂ ਦਿੱਲੀ -ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸਾਲ 2026-27 ਦੇ ਬਜਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ ਵੋਟਰ ਸੂਚੀ ਨੂੰ ਠੀਕ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਆਏ ਪੱਤਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੇ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਅੱਜ ਤਖ਼ਤ ਸਾਹਿਬ ਦੇ ਮੀਟਿੰਗ ਹਾਲ ਵਿੱਚ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਅਰਦਾਸ ਤੋਂ ਬਾਅਦ ਸ਼ੁਰੂ ਹੋਈ। ਸਭ ਤੋਂ ਪਹਿਲਾਂ ਪਿਛਲੀ ਮੀਟਿੰਗ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਬਾਅਦ ਸਾਲ 2026-27 ਲਈ ਬਣਾਏ ਗਏ 50 ਕਰੋੜ ਤੋਂ ਵੱਧ ਦੇ ਪ੍ਰਸਤਾਵਿਤ ਬਜਟ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ। ਇਸ ਦੇ ਨਾਲ ਹੀ ਪਿਛਲੇ ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਤੋਂ ਪ੍ਰਾਪਤ ਪੱਤਰਾਂ ਨੂੰ ਧਿਆਨ ਵਿੱਚ ਰੱਖਦਿਆਂ ਤਖ਼ਤ ਸਾਹਿਬ ਚੋਣਾਂ ਲਈ ਵੋਟਰ ਸੂਚੀ ਵਿੱਚ ਪਾਈਆਂ ਗਈਆਂ ਗਲਤੀਆਂ ਦੇ ਸੁਧਾਰ ਲਈ 3 ਮਹੀਨਿਆਂ ਦੀ ਮਿਆਦ ਨਿਰਧਾਰਿਤ ਕੀਤੀ ਗਈ ਹੈ।
ਤਖ਼ਤ ਸਾਹਿਬ ਦੀ ਵਿਵਾਦਿਤ ਜ਼ਮੀਨਾਂ ‘ਤੇ ਚਾਰਦੀਵਾਰੀ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਕਮੇਟੀ ਦੇ ਸਟਾਫ ਦੀ ਹਾਜ਼ਰੀ ਨੂੰ ਆਨਲਾਈਨ ਕਰਨ ਲਈ ਨਵੀਂ ਸਾਫਟਵੇਅਰ ਮਸ਼ੀਨ ਲਗਾਉਣ ਦੀ ਗੱਲ ਕੀਤੀ ਗਈ। ਕਮੇਟੀ ਦੇ ਅਧੀਨ ਆਉਂਦੇ ਸਕੂਲਾਂ ਵਿੱਚ ਖਾਲੀ ਅਸਾਮੀਆਂ ਨੂੰ ਜਲਦੀ ਭਰਨ ਲਈ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ, ਹਰਬੰਸ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਡਾ. ਗੁਰਮੀਤ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ, ਰਾਜਾ ਸਿੰਘ, ਹਰਪਾਲ ਸਿੰਘ ਜੋਹਲ ਅਤੇ ਗੋਬਿੰਦ ਸਿੰਘ ਲੋਂਗੋਵਾਲ ਹਾਜ਼ਰ ਸਨ ।