ਨਵੀਂ ਦਿੱਲੀ - ਦੇਸ਼ ਅੰਦਰ ਵਡੀ ਗਿਣਤੀ ਵਿਚ ਬੱਚਿਆਂ ਦਾ ਲਾਪਤਾ ਹੋਣਾ ਜਿਨ੍ਹਾਂ ਵਿਚ ਖਾਸ ਕਰਕੇ ਬੱਚੀਆਂ ਦਾ ਹੋਣਾ ਵਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਉਪਰ ਲਗਾਮ ਕਸਣ ਵਿਚ ਵਡੀ ਪ੍ਰੇਸ਼ਾਨੀ ਖੜੀ ਹੋ ਰਹੀ ਹੈ ਕਿਉਕਿ ਇੰਨ੍ਹਾ ਮਾਮਲਿਆਂ ਵਿਚ ਬੱਚਿਆਂ ਵਲੋਂ ਪਰਿਵਾਰ ਨੂੰ ਕੁਝ ਦਸਿਆ ਨਹੀਂ ਜਾਂਦਾ ਹੈ। ਇੰਨ੍ਹਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਦਸਿਆ ਕਿ ਇਸ ਤਰ੍ਹਾਂ ਦੇ ਜਿਆਦਾਤਰ ਮਾਮਲੇ ਗਰੂਮਿੰਗ ਗੈਂਗ ਵਲੋਂ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਪਹਿਲਾਂ ਉਨ੍ਹਾਂ ਦਾ ਨਿਸ਼ਾਨਾ ਹਿੰਦੂ ਧਰਮ ਦੇ ਬੱਚੇ ਸਨ ਪਰ ਉਨ੍ਹਾਂ ਵਲੋਂ ਸਖਤੀ ਕਰਣ ਕਰਕੇ ਹੁਣ ਉਨ੍ਹਾਂ ਦੇ ਨਿਸ਼ਾਨੇ ਤੇ ਸਿੱਖ ਬੱਚੇ ਆ ਗਏ ਹਨ। ਉਨ੍ਹਾਂ ਦਸਿਆ ਇਸ ਮਾਮਲੇ ਵਿਚ ਉਨ੍ਹਾਂ ਨੇ ਦਿੱਲੀ ਦੀਆਂ 300 ਤੋਂ ਵੱਧ ਵੱਖ ਵੱਖ ਸਿੰਘ ਸਭਾਵਾਂ ਨੂੰ ਪੱਤਰ ਲਿਖ ਕੇ ਇਸ ਮਾਮਲੇ ਉਪਰ ਗਹਿਰੀ ਵਿਚਾਰ ਕਰਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਿੱਖ ਪਰਿਵਾਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਗਰੂਮਿੰਗ ਗੈਂਗ ਅਜਿਹੇ ਅਪਰਾਧੀ ਹੁੰਦੇ ਹਨ ਜੋ ਬੱਚਿਆਂ ਜਾਂ ਨੌਜਵਾਨਾਂ ਦਾ ਭਰੋਸਾ ਜਿੱਤ ਕੇ ਉਹਨਾਂ ਦਾ ਜਿਨਸੀ ਜਾਂ ਆਰਥਿਕ ਸ਼ੋਸ਼ਣ ਕਰਦੇ ਹਨ। ਇਸ ਤੋਂ ਬਚਾਅ ਲਈ ਕੁਝ ਉਪਾਅ ਬੇਹੱਦ ਜ਼ਰੂਰੀ ਹਨ ਜਿਨ੍ਹਾਂ ਵਿਚ ਮਾਂ ਪਿਓ ਆਪਣੇ ਬੱਚਿਆਂ ਨਾਲ ਅਜਿਹਾ ਰਿਸ਼ਤਾ ਬਨਾਣ ਕਿ ਉਹ ਬਿਨਾਂ ਕਿਸੇ ਡਰ ਦੇ ਤੁਹਾਡੇ ਨਾਲ ਹਰ ਗੱਲ ਸਾਂਝੀ ਕਰ ਸਕਣ। ਬੱਚਿਆਂ ਨੂੰ ਦੱਸੋ ਕਿ ਜੇਕਰ ਕੋਈ ਉਹਨਾਂ ਨੂੰ ਅਸਹਿਜ ਮਹਿਸੂਸ ਕਰਵਾਉਂਦਾ ਹੈ, ਤਾਂ ਉਹ ਤੁਰੰਤ ਤੁਹਾਨੂੰ ਦੱਸਣ। ਬੱਚਿਆਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਨਜ਼ਰ ਰੱਖੋ। ਉਹਨਾਂ ਨੂੰ ਅਣਜਾਣ ਲੋਕਾਂ ਨਾਲ ਦੋਸਤੀ ਕਰਨ ਦੇ ਖ਼ਤਰਿਆਂ ਬਾਰੇ ਜਾਗਰੂਕ ਕਰੋ, ਕਿਉਂਕਿ ਗਰੂਮਰ ਅਕਸਰ ਵਟਸਐਪ ਜਾਂ ਫੇਸਬੁੱਕ ਰਾਹੀਂ ਸੰਪਰਕ ਕਰਦੇ ਹਨ। ਖਾਸ ਕਰਕੇ ਜੇਕਰ ਤੁਹਾਡਾ ਬੱਚਾ ਅਚਾਨਕ ਨਵੇਂ ਕੱਪੜੇ, ਮਹਿੰਗੇ ਫ਼ੋਨ ਜਾਂ ਅਣਜਾਣ ਤੋਹਫ਼ੇ ਲਿਆ ਰਿਹਾ ਹੈ, ਤਾਂ ਇਸ ਬਾਰੇ ਓਸ ਕੋਲੋਂ ਪੁੱਛਗਿੱਛ ਕਰੋ। ਸਟਡੀ ਵੀਜ਼ਾ 'ਤੇ ਜਾਣ ਵਾਲੀਆਂ ਕੁੜੀਆਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਲਈ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਜਾਂ ਨੌਕਰੀ ਦੇ ਲਾਲਚ ਵਿੱਚ ਆਉਣ ਤੋਂ ਬਚਣ ਅਤੇ ਹਮੇਸ਼ਾ ਸਰਕਾਰੀ ਤਸਦੀਕਸ਼ੁਦਾ ਸਲਾਹਕਾਰਾਂ ਦੀ ਮਦਦ ਲਈ ਦਸੋ । ਬੱਚਿਆਂ ਨੂੰ ਸਿਖਾਓ ਕਿ ਉਹਨਾਂ ਦੇ ਸਰੀਰ 'ਤੇ ਸਿਰਫ਼ ਉਹਨਾਂ ਦਾ ਹੱਕ ਹੈ। ਉਹਨਾਂ ਨੂੰ 'ਚੰਗੇ' ਅਤੇ 'ਮਾੜੇ' ਛੋਹ ਬਾਰੇ ਜਾਣਕਾਰੀ ਦਿਓ। ਗਰੂਮਰ ਅਕਸਰ ਬੱਚਿਆਂ ਨੂੰ ਗੱਲਾਂ ਗੁਪਤ ਰੱਖਣ ਲਈ ਕਹਿੰਦੇ ਹਨ। ਇਸ ਲਈ ਜਰੂਰੀ ਹੈ ਕਿ ਬੱਚਿਆਂ ਨੂੰ ਸਮਝਾਓ ਕਿ ਜੇਕਰ ਕੋਈ ਬਾਲਗ ਉਹਨਾਂ ਨੂੰ ਕੋਈ ਗੱਲ 'ਸੀਕਰੇਟ' ਰੱਖਣ ਲਈ ਕਹਿੰਦਾ ਹੈ, ਤਾਂ ਉਹ ਗੱਲ ਕਦੇ ਵੀ ਸਹੀ ਨਹੀਂ ਹੋ ਸਕਦੀ। ਬੱਚਿਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸੇ ਵੀ ਅਜਿਹੀ ਗੱਲ ਲਈ 'ਨਾ' ਕਹਿ ਸਕਦੇ ਹਨ ਜੋ ਉਹਨਾਂ ਨੂੰ ਅਜੀਬ ਲੱਗੇ, ਭਾਵੇਂ ਉਹ ਕੋਈ ਵੱਡਾ ਵਿਅਕਤੀ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਲਦ ਹੀ ਇਕ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਜਾਏਗੀ ਜਿਸ ਨਾਲ ਸਿੱਖ ਪਰਿਵਾਰਾਂ ਨੂੰ ਇੰਨ੍ਹਾ ਗਰੂਮਿੰਗ ਗੈਂਗ ਤੋਂ ਬਚਣ ਦੇ ਰਾਹ ਦਸ ਕੇ ਬੱਚਿਆਂ ਨੂੰ ਉਨ੍ਹਾਂ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ ।