ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਨੇ ਐਤਵਾਰ ਨੂੰ ਕਿਹਾ ਕਿ ਵਿਰੋਧੀ ਧਿਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਜਾਣਬੁੱਝ ਕੇ ਮੁਹਿੰਮ ਚਲਾ ਰਹੀ ਹੈ। ਉਹ ਗੈਰ-ਸੂਚੀਬੱਧ ਹਸਪਤਾਲਾਂ ਦੀਆਂ ਇਕੱਲੀਆਂ-ਦੁਕੱਲੀਆਂ ਘਟਨਾਵਾਂ ਦੀ ਵਰਤੋਂ ਕਰਕੇ ਸਕੀਮ ਦੇ ਸਾਬਤ ਹੋਏ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਨੂੰ ਅਸਫਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਨੇ ਦੱਸਿਆ ਕਿ 1.72 ਲੱਖ ਤੋਂ ਵੱਧ ਮਰੀਜ਼ ਪਹਿਲਾਂ ਹੀ 292 ਕਰੋੜ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ। ਪਾਰਟੀ ਨੇ ਦਾਅਵਾ ਕੀਤਾ ਕਿ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਇਹ ਕੋਸ਼ਿਸ਼ ਜਾਂ ਤਾਂ ਸਰਕਾਰੀ ਸਕੀਮਾਂ ਦੀ ਮੁੱਢਲੀ ਸਮਝ ਦੀ ਘਾਟ ਨੂੰ ਦਰਸਾਉਂਦੀ ਹੈ ਜਾਂ ਫਿਰ ਲਾਭਪਾਤਰੀਆਂ ਵਿੱਚ ਭੰਬਲਭੂਸਾ ਪੈਦਾ ਕਰਨ ਅਤੇ ਇੱਕ ਵੱਡੀ ਜਨਤਕ ਭਲਾਈ ਪਹਿਲਕਦਮੀ ਨੂੰ ਕਮਜ਼ੋਰ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੰਮ੍ਰਿਤਸਰ ਦੇ ਇੱਕ ਮਰੀਜ਼ ਦੀ ਵੀਡੀਓ ਸਾਂਝੀ ਕੀਤੇ ਜਾਣ 'ਤੇ ਸਿੱਧਾ ਜਵਾਬ ਦਿੱਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ।ਵੀਡੀਓ ਵਿੱਚ ਦਿਖਾਇਆ ਗਿਆ ਹਸਪਤਾਲ, ਸ਼ੂਰ ਹਸਪਤਾਲ, ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸੂਚੀਬੱਧ (ਐਮਪੈਨਲਡ) ਨਹੀਂ ਹੈ। ਇਸ ਸਕੀਮ ਅਧੀਨ 600 ਤੋਂ ਵੱਧ ਨਿੱਜੀ ਹਸਪਤਾਲ ਸੂਚੀਬੱਧ ਹਨ ਅਤੇ ਇਲਾਜ ਦਾ ਲਾਭ ਸਿਰਫ਼ ਇਨ੍ਹਾਂ ਰਜਿਸਟਰਡ ਸੰਸਥਾਵਾਂ ਵਿੱਚ ਹੀ ਮਿਲਦਾ ਹੈ। ਵਿਰੋਧੀ ਧਿਰ ਦੇ ਨੇਤਾ ਲਈ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਅਜਿਹੀ ਸਮੱਗਰੀ ਸਾਂਝੀ ਕਰਨਾ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹੈ। ਇਹ ਨਾ ਸਿਰਫ਼ ਜਨਤਾ ਨੂੰ ਗੁਮਰਾਹ ਕਰਦਾ ਹੈ ਸਗੋਂ ਲਾਭਪਾਤਰੀਆਂ ਵਿੱਚ ਬੇਲੋੜੀ ਦਹਿਸ਼ਤ ਵੀ ਪੈਦਾ ਕਰਦਾ ਹੈ।
ਉਨ੍ਹਾਂ ਨੇ ਅਜਿਹੀਆਂ ਸਕੀਮਾਂ ਦੇ ਢਾਂਚੇ ਬਾਰੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਹਸਪਤਾਲਾਂ ਦਾ ਸੂਚੀਬੱਧ ਹੋਣਾ ਸਵੈ-ਇੱਛਤ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ, “ਆਯੂਸ਼ਮਾਨ ਭਾਰਤ ਯੋਜਨਾ ਵਰਗੀਆਂ ਸਕੀਮਾਂ ਤਹਿਤ ਹਸਪਤਾਲਾਂ ਦੀ ਸ਼ਮੂਲੀਅਤ ਸਵੈ-ਇੱਛਤ ਹੈ ਅਤੇ ਕਿਸੇ ਵੀ ਹਸਪਤਾਲ ਨੂੰ ਸ਼ਾਮਲ ਹੋਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਲਈ, ਗੈਰ-ਸੂਚੀਬੱਧ ਹਸਪਤਾਲਾਂ ਦੀਆਂ ਘਟਨਾਵਾਂ ਨੂੰ ਸਕੀਮ ਦੀ ਅਸਫਲਤਾ ਵਜੋਂ ਪੇਸ਼ ਕਰਨਾ ਤੱਥਾਂ ਦੇ ਆਧਾਰ 'ਤੇ ਗਲਤ ਅਤੇ ਗੁੰਮਰਾਹਕੁੰਨ ਹੈ।
ਇਸ ਪਹਿਲਕਦਮੀ ਦੇ ਪੱਧਰ ਅਤੇ ਪ੍ਰਭਾਵ 'ਤੇ ਰੌਸ਼ਨੀ ਪਾਉਂਦਿਆਂ ਸਿਹਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਮਿਲੇ ਪ੍ਰਤੱਖ ਲਾਭਾਂ 'ਤੇ ਜ਼ੋਰ ਦਿੱਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ 1.72 ਲੱਖ ਤੋਂ ਵੱਧ ਮਰੀਜ਼ ਪਹਿਲਾਂ ਹੀ 292 ਕਰੋੜ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ, ਜਿਸ ਵਿੱਚ ਦਿਲ ਦੀ ਸਰਜਰੀ, ਦਿਮਾਗ ਦੇ ਆਪ੍ਰੇਸ਼ਨ, ਜੋੜਾਂ ਦੇ ਬਦਲਣ ਅਤੇ ਐਮਰਜੈਂਸੀ ਐਕਸੀਡੈਂਟ ਕੇਅਰ ਵਰਗੇ ਗੰਭੀਰ ਇਲਾਜ ਸ਼ਾਮਲ ਹਨ। ਇਹ ਅੰਕੜੇ ਸਕੀਮ ਦੀ ਪ੍ਰਭਾਵਸ਼ੀਲਤਾ ਅਤੇ ਪਹੁੰਚ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਹਨ। ਇਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨਿੰਦਣਯੋਗ ਹਨ।
ਭੰਬਲਭੂਸਾ ਫੈਲਾਉਣ ਦੀ ਕਥਿਤ ਕੋਸ਼ਿਸ਼ 'ਤੇ ਸਵਾਲ ਚੁੱਕਦਿਆਂ ਸਿਹਤ ਮੰਤਰੀ ਨੇ ਜਵਾਬਦੇਹੀ ਦੀ ਮੰਗ ਕੀਤੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ।ਪ੍ਰਤਾਪ ਸਿੰਘ ਬਾਜਵਾ ਨੂੰ ਗਲਤ ਜਾਣਕਾਰੀ ਫੈਲਾਉਣ ਅਤੇ ਲੋਕ-ਪੱਖੀ ਪਹਿਲਕਦਮੀ ਬਾਰੇ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਲਈ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।