ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 243ਵੇਂ ਦਿੱਲੀ ਫਤਿਸ ਸਮਾਗਮਾਂ ਮੌਕੇ ਲਾਲ ਕਿਲ੍ਹੇ ’ਤੇ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਦੂਜੇ ਦਿਨ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ ਜੋ ਪੂਰੀ ਸ਼ਾਨੋ ਸ਼ੋਕਤ ਤੇ ਜਾਹੋ ਜਲਾਲ ਨਾਲ ਸੰਪੰਨ ਹੋਇਆ। ਇਸ ਜਰਨੈਲੀ ਮਾਰਚ ਵਿਚ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ-ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀ ਤੇ ਦਲ ਪੰਥ ਦੀਆਂ ਹੋਰ ਨੁਮਾਇੰਦਾ ਜਥੇਬੰਦੀਆਂ ਸ਼ਾਮਲ ਹੋਈਆਂ। ਲਾਲ ਕਿਲ੍ਹੇ ’ਤੇ ਹੋਏ ਸ਼ਾਨਦਾਾਰ ਸਮਾਗਮ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਰੇ 10 ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਪੇਸ਼ਕਾਰੀਆਂ ਦਿੱਤੀਆਂ ਜਦੋਂ ਨਿਹੰਗ ਸਿੰਘ ਜੱਥੇਬੰਦੀਆਂ ਦੇ ਮੈਂਬਰਾਂ ਨੇ ਵੱਖ ਵੱਖ ਕੌਤਬ ਵਿਖਾਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮ ਆਯੋਜਿਤ ਕਰਨ ਵਿਚ ਦਿੱਲੀ ਦੀਆਂ ਸੰਗਤਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਵਡਮੁੱਲਾ ਸਹਿਯੋਗ ਦਿੱਤਾ ਹੈ ਜਿਸ ਵਾਸਤੇ ਉਹ ਧੰਨਵਾਦੀ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਇਤਿਹਾਸ ਵਿਚ ਇਹ ਦਿਹਾੜਾ ਬਹੁਤ ਹੀ ਅਹਿਮੀਅਤ ਰੱਖਦਾ ਹੈ ਤੇ ਇਸਨੂੰ ਮਨਾ ਕੇ ਸਾਡੀ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੈਬਨਿਟ ਮੰਤਰੀ ਦਿੱਲੀ ਸਰਕਾਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਤਿੰਨ ਮਹਾਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਸਮੇਤ ਹੋਰ ਸਿੱਖ ਜਰਨੈਲਾਂ ਵੱਲੋਂ ਦਿੱਲੀ ਫਤਿਹ ਕਰਨ ਦਾ ਇਤਿਹਾਸ ਘਰ-ਘਰ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਿੱਖ ਜਰਨੈਲਾਂ ਦੀ ਬਦੌਲਤ ਹੀ ਅੱਜ ਸੰਗਤਾਂ ਦਿੱਲੀ ਵਿਚ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮਹਾਨ ਜਰਨੈਲਾਂ ਨੇ ਹੀ ਗੁਰੂ ਘਰਾਂ ਵਾਸਤੇ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਈ ਸੀ ਜਿਸ ਵਾਸਤੇ ਸਾਰੀ ਸਿੱਖ ਕੌਮ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਉਹਨਾਂ ਦੀ ਹਮੇਸ਼ਾ ਕਰਜ਼ਦਾਰ ਰਹੇਗੀ।
ਇਸ ਮੌਕੇ ਕਮੇਟੀ ਵੱਲੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਮੇਜਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਜਿਹਨਾਂ ਨੇ ਹਮੇਸ਼ਾ ਦਿੱਲੀ ਫਤਿਹ ਦਿਵਸ ਤੇ ਹੋਰ ਸਮਾਗਮਾਂ ਵਾਸਤੇ ਕਮੇਟੀ ਨੂੰ ਸਹਿਯੋਗ ਦਿੱਤਾ।