ਨਵੀਂ ਦਿੱਲੀ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸੰਭਾਵਿਤ ਕਾਨੂੰਨ ਬਾਰੇ ਸਮੂਹਿਕ ਤੌਰ ਤੇ ਕੌਮੀ ਵਿਚਾਰ ਚਰਚਾ ਲਈ ਅਤੇ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਬਾਰੇ ਸੁਚੇਤ ਕਰਨ ਲਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਸਮੂਹ ਪੰਥਕ ਜਥੇਬੰਦੀਆਂ ਤੇ ਪੰਥ ਦੀਆਂ ਨੁਮਾਇੰਦਾ ਧਿਰਾਂ ਦੀ ਇਕੱਤਰਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਸੀ । ਉਸ ਵਿੱਚ ਖੁਦ ਨੂੰ ਸੱਦਾ ਨਾ ਮਿਲਣ ਬਾਰੇ ਜੋ ਦੂਸ਼ਣ ਬਾਜ਼ੀ ਦਿੱਲੀ ਕਮੇਟੀ ਦੇ ਸਰਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਜਾ ਰਹੀ ਹੈ । ਉਹ ਮਹਿਜ਼ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਹਰਮੀਤ ਸਿੰਘ ਕਾਲਕਾ ਨੂੰ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀ ਕੌਮ ਨੇ ਇਕਜੁੱਟ ਹੋ ਕੇ ਸੰਘਰਸ਼ ਕਰਦਿਆਂ ਪੱਚੀ ਲੱਖ ਦਸਤਖਤ ਕਰਕੇ ਤੇ ਕੌਮ ਦੀਆਂ ਵੱਖ ਵੱਖ ਧਿਰਾਂ ਦੇ ਆਗੂਆਂ ਦੀ ਸਾਂਝੀ ਕਮੇਟੀ ਬਣਾਈ ਗਈ ਸੀ ਤੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ, ਵਿੱਚ ਖੁਦ ਹਰਮੀਤ ਸਿੰਘ ਕਾਲਕਾ ਵੀ ਸ਼ਾਮਲ ਸੀ । ਉਸ ਕੌਮੀ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਜੋ ਭੂਮਿਕਾ ਕਾਲਕਾ ਨੇ ਨਿਭਾਈ ਸੀ ਤੇ ਕਿਸਦੇ ਇਸ਼ਾਰਿਆਂ ਤੇ ਚੱਲਦਿਆਂ ਨਿਭਾਈ ਸੀ ਤੇ ਕਿਸ ਲਾਲਚ ਵਿੱਚ ਨਿਭਾਈ ਸੀ ਉਹ ਕੌਮ ਭੁੱਲੀ ਨਹੀਂ । ਉਸ ਵੱਡੇ ਕੌਮੀ ਮਸਲੇ ਮੌਕੇ ਜੋ ਕੌਮ ਦੀ ਪਿੱਠ ਵਿੱਚ ਛੁਰਾ ਹਰਮੀਤ ਸਿੰਘ ਕਾਲਕਾ ਨੇ ਮਾਰਿਆ ਤੇ ਉਸਤੋਂ ਬਾਅਦ ਵੀ ਕਾਲਕਾ ਇਹ ਆਸ ਕਿਵੇਂ ਕਰਦਾ ਹੈ ਕਿ ਤੁਹਾਨੂੰ ਸਾਂਝੇ ਪੰਥਕ ਇਕੱਠਾਂ ਵਿੱਚ ਸੱਦਿਆ ਜਾਵੇ । ਜਦਕਿ ਤੁਸੀਂ ਹਰ ਕੌਮੀ ਮਸਲੇ ਮੌਕੇ ਕੌਮ ਦੇ ਉਲਟ ਭੁਗਤੇ ਹੋ । ਮੈਂ ਹਰਮੀਤ ਸਿੰਘ ਕਾਲਕਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਸਨੂੰ ਕੌਮ ਇਕੱਠ ਦਾ ਮਤਲਬ ਪਤਾ ਹੈ ? ਉਸ ਇਕੱਤਰਤਾ ਵਿੱਚ ਸਮੁੱਚੀ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ ਹਾਜ਼ਰ ਸਨ ਤੇ ਕੌਮੀ ਹਿੱਤਾਂ ਨੂੰ ਸਮਰਪਿਤ ਸਨ ਕੀ ਦਿੱਲੀ ਕਮੇਟੀ ਦਾ ਸਰਕਾਰੀ ਪ੍ਰਧਾਨ ਦੱਸੇਗਾ ਕਿ ਉਸਨੇ ਹੁਣ ਤੱਕ ਕਿਹੜਾ ਇੱਕ ਕੌਮੀ ਹਿੱਤਾ ਨੂੰ ਸਮਰਪਿਤ ਕਾਰਜ ਕੀਤਾ ਹੈ ? ਜੋ ਉਸਨੂੰ ਕੌਮੀ ਨੁਮਾਇੰਦਾ ਮੰਨਕੇ ਪੰਥਕ ਇਕੱਠ ਵਿੱਚ ਸੱਦਿਆ ਜਾਵੇ ? ਜੇਕਰ ਕਾਲਕਾ ਦੇ ਮਨ ਅੰਦਰ ਸ਼ੁਧ ਭਾਵਨਾ ਹੁੰਦੀ ਤਾਂ ਉਹ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਵੀ ਭੇਜ ਸਕਦਾ ਸੀ । ਪਰ ਜਿਸ ਇਨਸਾਨ ਨੇ ਸਿਰਫ ਤੇ ਸਿਰਫ ਗੁਰੂ ਦੀ ਗੋਲਕ ਲੁੱਟੀ ਹੋਵੇ ਉਹ ਗੁਰੂ ਸਾਹਿਬ ਦੇ ਸਤਿਕਾਰ ਬਾਰੇ ਕੀ ਵਿਚਾਰ ਦੇ ਸਕਦਾ ਹੈ ?