ਅੰੰਮ੍ਰਿਤਸਰ - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਵਿਚੋ 150 ਦੇ ਕਰੀਬ ਯਾਤਰੀਆਂ ਨੂੰ ਅੱਜ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੀਮਾ ਸੁਰੱਖਿਆ ਬਲ ਨੇ ਉਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ‘ਤੇ ਅਪਰੂਲ ਸੂਚੀ ਵਿਚ ਨਾਮ ਨਾ ਹੋਣ ਕਾਰਨ ਰੋਕ ਲਿਆ।ਸੁਰਖਿਆ ਬਲਾ ਨੇ ਯਾਤਰੀਆਂ ਨੂੰ ਉਨਾਂ ਦਾ ਨਾਮ ਅਪਰੂਵਲ ਸੂਚੀ ਵਿਚ ਨਾ ਹੋਣ ਕਾਰਨ ਰੋਕਿਆ ਗਿਆ ਤੇ ਇਨਾਂ ਸਾਰੇ ਯਾਤਰੀਆਂ ਨੂੰ ਵਾਪਸ ਭੇਜ਼ ਦਿੱਤਾ ਗਿਆ। ਯਾਤਰੀਆਂ ਵਿਚ ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ ਸਮੇਤ ਕੁਝ ਨਿਜੀ ਸੰਸਥਾਵਾਂ ਦੇ ਸ਼ਰਧਾਲੂਆਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਇਨਾਂ ਯਾਤਰੀਆਂ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਪਰੂਵਲ ਮਿਲਣ ਤੱਕ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਰਿਪੋਰਟ ਮੁਤਾਬਕ ਭਾਰਤ ਤੋਂ ਲਗਭਗ 2, 840 ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅਟਾਰੀ- ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ।ਸਿੱਖ ਸ਼ਰਧਾਲੂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮਨਾਉਣ ਅਤੇ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਮੋਗਾ ਤੋਂ ਆਏ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਵੀਜ਼ਾ ਹੋਣ ਦੇ ਬਾਵਜੂਦ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ “ਜਦੋਂ ਸਾਡਾ ਵੀਜ਼ਾ ਲੱਗਾ ਹੈ, ਤਾਂ ਸਾਨੂੰ ਰੋਕਣ ਦਾ ਕੋਈ ਜਾਇਜ ਕਾਰਨ ਨਹੀਂ ਹੈ। ਅਪਰੂਵਲਅ ਲਿਸਟ ਇੱਕ ਪ੍ਰਸ਼ਾਸਨਿਕ ਕਮੀ ਹੈ, ਜਿਸ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ।” ਜਥੇ ਵਿਚ ਸ਼੍ਰੋਮਣੀ ਕਮੇਟੀ ਵਲੋ 1, 763 ਯਾਤਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 409 ਯਾਤਰੀ, ਹਰਿਆਣਾ ਕਮੇਟੀ ਤੋਂ 255 ਪਾਕਿਸਤਾਨ ਜਾ ਰਹੇ ਸਨ।