ਨਵੀਂ ਦਿੱਲੀ -ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਲਗਾਇਆ ਅਤੇ ਕੇਸ ਕਤਲ ਨਾਂ ਕਰਨ ਵਾਲੇ ਨੋਜਵਾਨਾਂ ਨੂੰ ਫ੍ਰੀ ਦਸਤਾਰਾਂ ਦਿੱਤੀਆਂ ਗਈਆ। ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸੰਸਥਾ ਵੱਲੋਂ ਨੌਜਵਾਨਾਂ ਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਦਸਤਾਰ ਗੁਰੂ ਸਾਹਿਬ ਵੱਲੋਂ ਸਿੱਖ ਨੂੰ ਦਿੱਤਾ ਗਿਆ ਇੱਕ ਤਾਜ ਹੈ। ਇਹ ਸਿੱਖ ਦੇ ਗੁਰੂ ਪ੍ਰਤੀ ਸਮਰਪਣ ਅਤੇ ਸਤਿਕਾਰ ਨੂੰ ਦਰਸਾਉਂਦੀ ਹੈ। ਇਹ ਸਿੱਖ ਨੂੰ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਬਖ਼ਸ਼ਦੀ ਹੈ। ਦਸਤਾਰ ਸਜਾਉਣ ਵਾਲਾ ਸਿੱਖ ਹਜ਼ਾਰਾਂ ਦੀ ਭੀੜ ਵਿੱਚੋਂ ਅਲੱਗ ਪਛਾਣਿਆ ਜਾਂਦਾ ਹੈ। ਦਸਤਾਰ ਸਿੱਖ ਨੂੰ ਉਸ ਦੇ ਫ਼ਰਜ਼ਾਂ ਦੀ ਯਾਦ ਦਿਵਾਉਂਦੀ ਹੈ, ਜਿਵੇਂ ਕਿ ਸੱਚ 'ਤੇ ਚੱਲਣਾ ਅਤੇ ਮਜ਼ਲੂਮਾਂ ਦੀ ਰੱਖਿਆ ਕਰਨਾ।ਉਨ੍ਹਾਂ ਦਸਿਆ ਇਸ ਕੈਂਪ ਵਿੱਚ 300 ਤੋਂ ਵੱਧ ਬੱਚੇ ਤੇ ਨੌਜਵਾਨਾਂ ਨੂੰ ਦਸਤਾਰਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਤੇ ਨੌਜਵਾਨਾਂ ਵਿਚ ਦਸਤਾਰਾਂ ਸਜਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਕਿਉਂਕਿ ਦਸਤਾਰ ਸਾਡੀ ਸ਼ਾਨ ਅਤੇ ਪਹਿਚਾਣ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਸਿੱਧੂ ਲੋਗੋਂਵਾਲ, ਬਲਦੇਵ ਸਿੰਘ ਸਾਹਨੇਵਾਲੀ, ਬਹਾਦਰ ਸਿੰਘ ਦੋਦੜਾ, ਮਨਜਿੰਦਰ ਸਿੰਘ ਭਾਊ ਹੋਡਲਾ ਅਤੇ ਦਸ਼ਮੇਸ਼ ਲੰਗਰ ਕਮੇਟੀ ਬਲਾਕ ਭੀਖੀ ਦੀ ਟੀਮ ਹਾਜ਼ਰ ਸੀ।