ਨਵੀਂ ਦਿੱਲੀ - ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸਾਲਾਨਾ ਹਫ਼ਤਾਵਾਰ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ । ਇਸ ਮੌਕੇ ਗਿਆਨੀ ਹਰਪਾਲ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਹਾਜ਼ਰੀ ਭਰੀ ਤੇ ਕਥਾ ਰਾਹੀਂ ਗੁਰਮਤਿ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਇਹਨਾਂ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਆ ਕੇ ਸ਼ਾਮਿਲ ਹੋਈਆਂ ਸੰਗਤਾਂ ਅਤੇ ਕੀਰਤਨੀ ਜਥਿਆਂ ਦਾ ਹਾਰਦਿਕ ਧੰਨਵਾਦ ਕੀਤਾ। ਅਖੰਡ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਜਿਹਨਾਂ ਵਿੱਚ ਭਾਈ ਰਵਿੰਦਰ ਸਿੰਘ ਦਿੱਲੀ, ਭਾਈ ਬਲਜੀਵਨ ਸਿੰਘ ਨੌਰਥ ਕੈਰੋਲੀਨਾ ਅਮਰੀਕਾ, ਬੀਬੀ ਹਰਸ਼ਰਨ ਕੌਰ ਟੋਰੰਟੋ, ਭਾਈ ਗਗਨਦੀਪ ਸਿੰਘ ਕੈਲਗਰੀ, ਭਾਈ ਅਮੋਲਕ ਸਿੰਘ ਕੈਲੇਫੋਰਨੀਆ, ਬੀਬੀ ਜਤਨ ਕੌਰ ਕੈਲੇਫੋਰਨੀਆ ਦੇ ਨਾਂ ਵਰਣਨਯੋਗ ਹਨ ਅਤੇ ਡਰਬੀ ਦੇ ਨੌਜਵਾਨਾਂ ਨੇ ਵੀ ਹਾਜ਼ਰੀ ਭਰੀ ਤੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ । ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ “ਸਿੱਖ ਵਿਰਾਸਤ ਅਤੇ ਸਿੱਖਿਆ ਕੇਂਦਰ” “ਲਰਨਿੰਗ ਹੱਬ” ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਗਿਆਨੀ ਹਰਪਾਲ ਸਿੰਘ ਨੇ ਪ੍ਰੋ: ਦਲਜੀਤ ਸਿੰਘ ਵਿਰਕ ਦੀ ਨਵੀਂ (ਅੰਗਰੇਜ਼ੀ) ਕਿਤਾਬ “ਦਾ ਡੀਵਾਈਨ ਬਲੂਪ੍ਰਿੰਟ ਆਫ਼ ਲਾਈਫ” ਅਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਦੁਆਰਾ ਪ੍ਰਕਾਸ਼ਿਤ ਕਿਤਾਬ “ਭਾਈ ਹੀਰਾ ਸਿੰਘ - ਦਾ ਡਾਇਮੰਡ ਆਫ਼ ਦਾਊਦਪੁਰ” ਕਿਤਾਬਾਂ ਜਾਰੀ ਕੀਤੀਆਂ। ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ, ਜੋਗਾ ਸਿੰਘ, ਜੁਝਾਰ ਸਿੰਘ, ਗੁਰਮੇਲ ਸਿੰਘ ਕੰਦੋਲਾ, ਹਰਭਜਨ ਸਿੰਘ ਦਈਆ, ਕਰਨੈਲ ਸਿੰਘ, ਪ੍ਰਿਥੀਪਾਲ ਸਿੰਘ, ਹਰਦਿਆਲ ਸਿੰਘ ਧਮੜੈਤ, ਸੁੱਚਾ ਸਿੰਘ ਅਟਵਾਲ ਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ ।