ਅੰਮ੍ਰਿਤਸਰ-ਨਰਸਿੰਗ ਸਿਰਫ਼ ਇਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਰੂਪ ਹੈ। ਇਕ ਨਰਸ ਮਰੀਜ਼ ਲਈ ਸਿਰਫ਼ ਸਿਹਤ ਕਰਮਚਾਰੀ ਨਹੀਂ ਹੁੰਦੀ, ਬਲਕਿ ਉਹ ਉਸ ਲਈ ਹੌਸਲੇ, ਸਹਾਰੇ ਅਤੇ ਵਿਸ਼ਵਾਸ ਦਾ ਸਰੋਤ ਬਣਦੀ ਹੈ। ਹਸਪਤਾਲਾਂ ਅਤੇ ਸਿਹਤ ਸੇਵਾਵਾਂ ’ਚ ਨਰਸਾਂ ਮਰੀਜ਼ਾਂ ਦੀ ਦੇਖਭਾਲ ਦਾ ਅਹਿਮ ਹਿੱਸਾ ਹਨ। ਕੋਰੋਨਾ ਮਹਾਮਾਰੀ ਦੌਰਾਨ ਨਰਸਾਂ ਨੇ ਦਿਨ-ਰਾਤ ਸੇਵਾ ਕਰਕੇ ਇਹ ਸਾਬਤ ਕੀਤਾ ਕਿ ਉਹ ਸਮਾਜ ਦੀ ਅਸਲ ਹੀਰੋ ਹਨ। ਇਹ ਵਿਚਾਰ ਅੱਜ ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਕਰਵਾਈ ਗਈ ਤੀਸਰੀ ਕਾਨੋਵੇਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ, ਮੋਹਾਲੀ ਦੇ ਰਜਿਸਟਰਾਰ ਸ੍ਰੀ ਪੁਨੀਤ ਗਿਰਧਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਜਾਹਿਰ ਕੀਤੇ।
ਇਸ ਤੋਂ ਪਹਿਲਾਂ ਸ੍ਰੀ ਗਿਰਧਰ, ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦਾ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਤੇ ਸਟਾਫ਼ ਦੁਆਰਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਉਪਰੰਤ ਸ੍ਰੀ ਗਿਰਧਰ, ਸ: ਛੀਨਾ, ਡਾ. ਮਹਿਲ ਸਿੰਘ ਅਤੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸ਼ਮ੍ਹਾ ਰੌਸ਼ਨ ਕਰਕੇ ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ 120 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਹੋਰਨਾਂ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਟਰਾਫ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਗਿਰਧਰ ਨੇ ਕੋਰੋਨਾ ਮਹਾਮਾਰੀ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਔਖੇ ਦੌਰ ਨੇ ਪੂਰੀ ਦੁਨੀਆ ਨੂੰ ਸਿਹਤ ਸੇਵਾਵਾਂ ਦੀ ਅਸਲ ਮਹੱਤਤਾ ਸਮਝਾਈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਆਪਣੇ ਘਰਾਂ ’ਚ ਸੁਰੱਖਿਅਤ ਰਹਿ ਰਹੇ ਸਨ, ਉਸ ਵੇਲੇ ਡਾਕਟਰਾਂ ਅਤੇ ਨਰਸਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਕਈ ਵਾਰ ਉਹ ਆਪਣੇ ਪਰਿਵਾਰਾਂ ਤੋਂ ਦੂਰ ਰਹੇ, ਪਰ ਫਿਰ ਵੀ ਮਰੀਜ਼ਾਂ ਦੀ ਸੇਵਾ ’ਚ ਕੋਈ ਕਮੀ ਨਹੀਂ ਆਉਣ ਦਿੱਤੀ। ਇਸ ਮਹਾਮਾਰੀ ਨੇ ਸਾਬਤ ਕਰ ਦਿੱਤਾ ਕਿ ਨਰਸਿੰਗ ਕੇਵਲ ਇੱਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਮਹਾਨ ਧਰਮ ਹੈ।
ਉਨ੍ਹਾਂ ਕਿਹਾ ਕਿ ਉਹ ਕੋਰੋਨਾ ਯੋਧਿਆਂ ਤੋਂ ਪ੍ਰੇਰਣਾ ਲੈਣ ਅਤੇ ਆਪਣੇ ਅੰਦਰ ਸੇਵਾ ਭਾਵਨਾ, ਹਿੰਮਤ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਸਿਹਤ ਖੇਤਰ ’ਚ ਅਜਿਹੀਆਂ ਚੁਣੌਤੀਆਂ ਆ ਸਕਦੀਆਂ ਹਨ, ਇਸ ਲਈ ਵਿਦਿਆਰਥੀਆਂ ਨੂੰ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਸਫ਼ਾਈ, ਸਿਹਤ ਪ੍ਰਤੀ ਜਾਗਰੂਕਤਾ ਅਤੇ ਮਨੁੱਖੀ ਸਹਿਯੋਗ ਦੀ ਮਹੱਤਤਾ ਸਬੰਧੀ ਬਹੁਤ ਕੁਝ ਸਿਖਾਇਆ ਅਤੇ ਵਿਦਿਆਰਥੀ ਆਪਣੀ ਸਿੱਖਿਆ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਨੂੰ ਆਪਣਾ ਮੁੱਖ ਉਦੇਸ਼ ਬਣਾਉਣ ਅਤੇ ਸਮਾਜ ਦੀ ਭਲਾਈ ਲਈ ਹਮੇਸ਼ਾਂ ਤਤਪਰ ਰਹਿਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨਵੀਆਂ ਤਕਨੀਕਾਂ ਅਤੇ ਆਧੁਨਿਕ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰਦੇ ਰਹਿਣ ਤਾਂ ਜੋ ਉਹ ਆਪਣੇ ਖੇਤਰ ’ਚ ਕਾਮਯਾਬ ਹੋ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨਾਲ ਆਪਣੇ ਫਰਜ਼ ਨਿਭਾਉਣ ਦੀ ਅਪੀਲ ਕੀਤੀ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਨਰਸਿੰਗ ਇਕ ਉੱਤਮ ਅਤੇ ਸੇਵਾ ਭਰਪੂਰ ‘ਨਾਲੇ ਪੁੰਨ ਨਾਲੇ ਫਲੀਆਂ’ ਵਾਲਾ ਕਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਦਾ ਹਸਪਤਾਲ ’ਚ ਸਹੀ ਢੰਗ ਨਾਲ ਇਲਾਜ ਹੁੰਦਾ ਹੈ ਤਾਂ ਉਹ ਨਾ ਸਿਰਫ਼ ਬਿਮਾਰੀ ਤੋਂ ਜਲਦੀ ਠੀਕ ਹੋ ਜਾਂਦਾ ਹੈ ਬਲਕਿ ਨਰਸਿੰਗ ਪ੍ਰੈਕਟੀਸ਼ਨਰਾਂ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨਾਲ ਉਹ ਸਿਹਤ ਸਬੰਧੀ ਜਾਗਰੂਕ ਹੋ ਕੇ ਆਪਣੀ ਤੰਦਰੁਸਤੀ ਲਈ ਮਾਨਸਿਕ ਤੌਰ ’ਤੇ ਲੜਨਾ ਵੀ ਸਿੱਖਦਾ ਹੈ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਾਲਜ ਦੀ ਸਰਗਰਮੀਆਂ ਸਬੰਧੀ ਰਿਪੋਰਟ ਪੜ੍ਹੀ ਅਤੇ ਅਕਾਦਮਿਕ, ਖੇਡਾਂ ਅਤੇ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ਦੇ ਖੇਤਰ ’ਚ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਾਲਜ ਦੇ ਸਮੁੱਚੇ ਵਿਕਾਸ ਅਤੇ ਤਰੱਕੀ ਲਈ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਵੇਂ ਉਨ੍ਹਾਂ ਦੇ ਵਿਦਿਆਰਥੀ ਨਰਸਿੰਗ ਸਿੱਖਿਆ ਦੇ ਵੱਖ-ਵੱਖ ਖੇਤਰਾਂ ’ਚ ਤਰੱਕੀ ਹਾਸਲ ਕਰ ਰਹੇ ਹਨ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਡਾ. ਦਲਬੀਰ ਸਿੰਘ ਘੁੰਮਣ, ਖ਼ਾਲਸਾ ਯੂਨੀਵਰਸਿਟੀ ਦੇ ਰਿਸਰਚ ਡੀਨ ਡਾ. ਆਰ. ਕੇ. ਧਵਨ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਅੰਡਰ ਸੈਕਟਰੀ ਡੀ. ਐੱਸ. ਂਰਟੌਲ ਤੋਂ ਇਲਾਵਾ ਸੀਨੀਅਰ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਮੰਚ ਦੀ ਭੂਮਿਕਾ ਨੇ ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ, ਅਸਿਸਟੈਂਟ ਪ੍ਰੋਫੈਸਰ ਅਲਕਾ ਨੇ ਬਾਖੂਬੀ ਨਿਭਾਈ ਅਤੇ ਵਾਈਸ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।